ਕੰਗਣਾ ਰਣੌਤ ਦੇ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਅਤੇ ਮੁਆਫ਼ੀ ਮੰਗਣ ‘ਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੰਗਣਾ ਵੱਲੋਂ ਇੱਕ ਔਰਤ ਹੋਣ ਦੇ ਨਾਂਅ ‘ਤੇ ਔਰਤਾਂ ਖਿਲਾਫ਼ ਕੀਤੀ ਟਿੱਪਣੀ ਅਤਿ ਨਿੰਦਣਯੋਗ ਸੀ, ਜਿਸ ਦਾ ਉਸ ਨੂੰ ਖ਼ਮਿਆਜ਼ਾ ਭੁਗਤਣਾ ਪਿਆ ਹੈ ਤੇ ਅਜਿਹਾ ਹੋਣ ਨਾਲ ਕੰਗਣਾ ਦਾ ਘੁਮੰਡ ਟੁੱਟਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕੰਗਣਾ ਵਿਰੁੱਧ ਕੇਸ ਦਰਜ ਕਰਵਾਉਣ ਅਤੇ ਲੰਬੀ ਲੜਾਈ ਲੜਨ ਵਾਲੀ ਮਾਤਾ ਮਹਿੰਦਰ ਕੌਰ ਦੇ ਸਿਦਕ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਦੀ ਤਾਕਤ ਕੰਗਣਾ ਨੂੰ ਹਿਮਾਚਲ ਦੇ ਪਹਾੜਾਂ ਤੋਂ ਬਠਿੰਡਾ ਖਿੱਚ ਲਿਆਈ ਅਤੇ ਅਦਾਲਤ ਦੀਆਂ ਪੌੜੀਆਂ ਚੜ੍ਹਨ ਲਈ ਮਜ਼ਬੂਰ ਕੀਤਾ। ਇਹ ਮਾਤਾ ਮਹਿੰਦਰ ਕੌਰ ਸਮੇਤ ਸਮੂਹ ਔਰਤ ਵਰਗ ਅਤੇ ਪੰਜਾਬ ਦੀ ਜਿੱਤ ਹੈ, ਜਿਸ ਲਈ ਉਹ ਮਾਤਾ ਮਹਿੰਦਰ ਕੌਰ ਨੂੰ ਵਧਾਈ ਦਿੰਦੇ ਹਨ।




