ਜਲੰਧਰ: ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ‘ਤੇ ਬੁੱਧਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੰਗਲਵਾਰ ਸ਼ਾਮ ਨੂੰ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜਲੰਧਰ ਵਿੱਚ ਕੁੱਲ 16 ਲੱਖ 21 ਹਜ਼ਾਰ 759 ਵੋਟਰ ਹਨ। ਉਨ੍ਹਾਂ ਦੱਸਿਆ ਕਿ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪੰਜਾਬ ‘ਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਦੇ ਮੱਦੇਨਜ਼ਰ ਸੂਬੇ ਦੀਆਂ ਕੌਮਾਂਤਰੀ ਅਤੇ ਅੰਤਰਰਾਜੀ ਸਰਹੱਦਾਂ ‘ਤੇ ਚੈਕਿੰਗ ਅਤੇ ਸਖ਼ਤ ਚੌਕਸੀ ਰੱਖਣ ਲਈ ਕਿਹਾ ਗਿਆ ਹੈ।
ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾਏ ਗਏ ਹਨ ਅਤੇ ਗਸ਼ਤ ਵੀ ਕੀਤੀ ਜਾ ਰਹੀ ਹੈ। ਗਸ਼ਤ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਨੇ ਵੀ ਸੰਵੇਦਨਸ਼ੀਲ ਇਲਾਕਿਆਂ ‘ਚ ਪੁਜ਼ੀਸ਼ਨਾਂ ਸੰਭਾਲ ਲਈਆਂ ਹਨ। ਪੰਜਾਬ ਪੁਲਿਸ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਅਤੇ ਨਜਾਇਜ਼ ਸ਼ਰਾਬ ਬਣਾਉਣ ਦਾ ਸਮਾਨ ਵੀ ਬਰਾਮਦ ਕੀਤਾ ਹੈ। ਕੁਝ ਥਾਵਾਂ ਤੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿੱਚ 22 ਕੇਸ ਦਰਜ ਕੀਤੇ ਗਏ ਹਨ। ਇਹ ਉਪ ਚੋਣ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਕਾਰਨ ਕਰਵਾਈ ਜਾ ਰਹੀ ਹੈ। ਕਾਂਗਰਸ ਨੂੰ ਮੁੜ ਤੋਂ ਸੀਟ ਜਿੱਤਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੂਬੇ ‘ਚ ਸੱਤਾਧਾਰੀ ‘ਆਪ’ ਨੇ ਵੀ ਚੋਣ ਪ੍ਰਚਾਰ ‘ਚ ਪੂਰਾ ਜ਼ੋਰ ਲਗਾ ਦਿੱਤਾ ਹੈ। ਭਾਜਪਾ ਅਤੇ ਅਕਾਲੀ ਦਲ ਨੇ ਵੀ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ।