ਜਲੰਧਰ ਦੇ ਇਕ ਨੌਜਵਾਨ ਨੂੰ ਦੁਬਈ ‘ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਮਲਸੀਆਂ ਦੇ ਪਿੰਡ ਕਾਟੀ ਵੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿਚ ਦੁਬਈ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਥੋਂ ਦੀ ਅਦਾਲਤ ਨੇ ਸੁਖਚੈਨ ’ਤੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
ਇਸ ਦੇ ਚੱਲਦਿਆਂ ਸੁਖਚੈਨ ਦੇ ਪਰਿਵਾਰ ਨੇ ਲੋਕਾਂ ਨੂੰ ਆਰਥਕ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਦਾ ਪੁੱਤਰ ਘਰ ਵਾਪਸ ਆ ਸਕੇ। ਸੰਤ ਗੁਰਮੇਜ ਸਿੰਘ ਨਾਲ ਜਲੰਧਰ ਪੁੱਜੇ ਪਰਿਵਾਰ ਨੇ ਦੱਸਿਆ ਕਿ ਸੁਖਚੈਨ ਸਿੰਘ ਅਪਣੇ ਉੱਜਵਲ ਭਵਿੱਖ ਲਈ ਜਨਵਰੀ 2019 ਵਿਚ ਦੁਬਈ ਗਿਆ ਸੀ। ਇਸ ਮਗਰੋਂ ਸੁਖਚੈਨ ਸਿੰਘ 4 ਨਵੰਬਰ 2021 ਨੂੰ ਅਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ।
ਦਸੰਬਰ 2021 ਵਿਚ ਉਹ ਦੁਬਾਰਾ ਦੁਬਈ ਗਿਆ। ਇਸ ਦੌਰਾਨ ਉਹ ਉਥੇ ਡਰਾਈਵਰ ਵਜੋਂ ਕੰਮ ਕਰਨ ਲੱਗਿਆ। ਉਦੋਂ ਇਕ ਪਾਕਿਸਤਾਨੀ ਨਾਗਰਿਕ ਦੀ ਕਾਰ ਹੇਠਾਂ ਆਉਣ ਨਾਲ ਮੌਤ ਹੋ ਗਈ, ਜਿਸ ਮਾਮਲੇ ਵਿਚ ਹੁਣ ਉਸ ਨੂੰ ਸਜ਼ਾ ਸੁਣਾਈ ਗਈ ਹੈ। ਸੁਖਚੈਨ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਚੁੱਕੀ ਹੈ। ਉਸ ਦੀ ਮਾਤਾ ਰਣਜੀਤ ਕੌਰ ਸਰਕਾਰੀ ਪੈਨਸ਼ਨ ’ਤੇ ਗੁਜ਼ਾਰਾ ਕਰ ਰਹੀ ਹੈ। ਪ੍ਰਵਾਰ ਕੋਲ ਕੋਈ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਸੁਖਚੈਨ ਸਿੰਘ ਦੀ ਜਾਨ ਬਚਾ ਸਕਣ। ਪਰਿਵਾਰ ਨੇ ਦੱਸਿਆ ਕਿ ਸੁਖਚੈਨ ਆਖਰੀ ਕਮਾਉਣ ਵਾਲਾ ਮੈਂਬਰ ਹੈ। ਇਸ ਦੌਰਾਨ ਪਰਿਵਾਰ ਨੂੰ ਡਾ. ਐੱਸਪੀ ਸਿੰਘ ਓਬਰਾਏ ਵਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਪਰਿਵਾਰ ਸਿਰਫ਼ 19 ਲੱਖ ਰੁਪਏ ਹੀ ਇਕੱਠੇ ਕਰ ਸਕਿਆ ਹੈ।