ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਧਨਖੜ ਨੇ ਇਸ ਸਬੰਧ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਧਨਖੜ ਨੇ ਕਿਹਾ ਕਿ ਉਨ੍ਹਾਂ ਨੇ ਡਾਕਟਰੀ ਸਲਾਹ ਦੇ ਆਧਾਰ ‘ਤੇ ਇਹ ਫੈਸਲਾ ਲਿਆ ਹੈ, ਆਪਣੀ ਸਿਹਤ ਨੂੰ ਪਹਿਲ ਦਿੰਦੇ ਹੋਏ। ਉਨ੍ਹਾਂ ਨੇ ਆਪਣੇ ਅਸਤੀਫ਼ੇ ਨੂੰ ਤੁਰੰਤ ਸਵੀਕਾਰ ਕਰਨ ਦੀ ਗੱਲ ਆਖਦੇ ਹੋਏ ਸੰਵਿਧਾਨ ਦੀ ਧਾਰਾ 67 (ਏ) ਦਾ ਹਵਾਲਾ ਦਿੱਤਾ ਹੈ।
ਜਗਦੀਪ ਧਨਖੜ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਕਿ ਮੈਂ ਤੁਹਾਡੇ ਅਟੁੱਟ ਸਮਰਥਨ ਅਤੇ ਮੇਰੇ ਕਾਰਜਕਾਲ ਦੌਰਾਨ ਸਾਡੇ ਵਿੱਚ ਬਣੇ ਸੁਹਾਵਣੇ ਅਤੇ ਸ਼ਾਨਦਾਰ ਕਾਰਜਸ਼ੀਲ ਸਬੰਧਾਂ ਲਈ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਮੰਤਰੀ ਪ੍ਰੀਸ਼ਦ ਦਾ ਵੀ ਧੰਨਵਾਦ ਕੀਤਾ। ਜਗਦੀਪ ਧਨਖੜ ਨੇ ਲਿਖਿਆ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਣਯੋਗ ਸੰਸਦ ਮੈਂਬਰਾਂ ਤੋਂ ਮੈਨੂੰ ਜੋ ਨਿੱਘ, ਵਿਸ਼ਵਾਸ ਅਤੇ ਪਿਆਰ ਮਿਲਿਆ ਹੈ, ਉਹ ਹਮੇਸ਼ਾ ਮੇਰੀ ਯਾਦ ਵਿੱਚ ਰਹੇਗਾ।