Monday, March 16, 2026
spot_img

ਪੰਜਾਬ ਵਿੱਚ ਨਿਵੇਸ਼ ਕਰੋ, ਸਰਕਾਰ ਪੂਰਾ ਸਹਿਯੋਗ ਅਤੇ ਰਿਆਇਤਾਂ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Must read

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਤਿੰਨ-ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਆਖਰੀ ਦਿਨ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਉਦਯੋਗ ਲਈ ਸਰਕਾਰ ਦੀ ਤਰਫ਼ੋਂ ਪੂਰਾ ਸਹਿਯੋਗ ਅਤੇ ਰਿਆਇਤਾਂ ਦਾ ਭਰੋਸਾ ਦਿੱਤਾ। ਆਲਮੀ ਅਤੇ ਕੌਮੀ ਨਿਵੇਸ਼ਕਾਂ ਦੀ ਮਜ਼ਬੂਤ ਭਾਈਵਾਲੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸੰਮੇਲਨ ਨੇ ਉਦਯੋਗਿਕ ਵਿਕਾਸ ਲਈ ਅਜਿਹਾ ਮਾਹੌਲ ਸਿਰਿਜਆ, ਜੋ ਸੂਬੇ ਦੀ ਆਰਥਿਕ ਤਰੱਕੀ ਨੂੰ ਹੋਰ ਰਫ਼ਤਾਰ ਦੇਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਸੰਮੇਲਨ ਦੌਰਾਨ ਦਿੱਤੇ ਗਏ ਨਿਵੇਸ਼ ਪ੍ਰਸਤਾਵਾਂ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਛੇ ਮਹੀਨਿਆਂ ਬਾਅਦ ਸਮੀਖਿਆ ਸੈਸ਼ਨ ਕਰੇਗੀ।

ਇਤਿਹਾਸਕ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਸਮਾਪਤੀ ਵਾਲੇ ਦਿਨ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਅਤੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨ ਲਈ ਇੱਥੇ ਆਈਆਂ ਮਾਣਯੋਗ ਸ਼ਖ਼ਸੀਅਤਾਂ ਦੇ ਸਮਰਪਣ ਨੂੰ ਬਿਆਨ ਕਰਨ ਮੇਰੇ ਕੋਲ ਸ਼ਬਦ ਵੀ ਘੱਟ ਰਹਿਣ ਜਾਣਗੇ। ਦੁਨੀਆ ਭਰ ਦੇ ਮੋਹਰੀ ਉਦਯੋਗਿਕ ਆਗੂ ਇਸ ਇਤਿਹਾਸਕ ਅਤੇ ਪ੍ਰਗਤੀਸ਼ੀਲ ਸੰਮੇਲਨ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸੂਝਵਾਨ ਅਤੇ ਦੂਰਅੰਦੇਸ਼ੀ ਵਾਲਾ ਆਗੂ ਉਹੀ ਹੁੰਦਾ ਹੈ ਜੋ ਹਰ ਤਰ੍ਹਾਂ ਦੇ ਮਾਹੌਲ ਅਤੇ ਚੁਣੌਤੀਆਂ ਲਈ ਆਪਣੀ ਟੀਮ ਨੂੰ ਤਿਆਰ ਰੱਖੇ ਅਤੇ ਸੂਬਾ ਸਰਕਾਰ ਇਸੇ ਤਰਜ਼ ‘ਤੇ ਕੰਮ ਕਰਦੀ ਹੈ।

ਸੂਬੇ ਦੇ ਲੋਕਾਂ ਦੇ ਜਨੂੰਨ ਅਤੇ ਜਜ਼ਬੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਸੂਝਵਾਨ ਆਗੂ ਵਜੋਂ ਵਿਚਰਦੇ ਹਨ ਅਤੇ ਅਸੀਂ ਦੇਸ਼ ਅਤੇ ਇਸ ਦੇ ਲੋਕਾਂ ਲਈ ਕੁਝ ਵੀ ਕਰ ਸਕਦੇ ਹਾਂ ਕਿਉਂਕਿ ਦੇਸ਼ ਸਾਡੇ ਲਈ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਵਾਂ ਉੱਭਰਦਾ ਖੇਤਰ ਹੈ ਪਰ ਮਨੁੱਖੀ ਦਿਮਾਗ ਇਸ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਜੋ ਕਿ ਮਨੁੱਖੀ ਸਰੋਤ ਦੇ ਵਿਕਾਸ ਲਈ ਚੰਗਾ ਹੈ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਨੀਤੀ ਨਿਰਮਾਣ ਦੇ ਫੈਸਲਿਆਂ ਵਿੱਚ ਕਾਰੋਬਾਰੀ ਤੇਜ਼ੀ ਨਾਲ ਧਿਰ ਬਣ ਕੇ ਉੱਭਰ ਰਹੇ ਹਨ।

ਸੰਮੇਲਨ ਦੌਰਾਨ ਹੋਏ ਵਿਚਾਰ-ਵਟਾਂਦਰੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਤਿੰਨ ਦਿਨਾਂ ਦੌਰਾਨ ਲਗਭਗ 30 ਲੜੀਵਾਰ ਸੈਸ਼ਨ ਕਰਵਾਏ ਗਏ, ਜੋ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ ਵਿੱਚ ਵਧੇਰੇ ਮਦਦਗਾਰ ਸਿੱਧ ਹੋਣਗੇ । ਉਨ੍ਹਾਂ ਕਿਹਾ ਕਿ ਸੂਬੇ ਨੂੰ ਤੇਜ਼ ਵਿਕਾਸ ਦੀ ਲੀਹ ‘ਤੇ ਪਾਉਣ ਤੋਂ ਇਲਾਵਾ ਇਹ ਸੰਮੇਲਨ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸੰਮੇਲਨ ਸੂਬੇ ਵਿੱਚੋਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਨੂੰ ਰੋਕਣ ਅਤੇ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਬੇਹੱਦ ਜ਼ਰੂਰੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਮਹੂਰੀਅਤ ਵਿੱਚ ਹਰੇਕ ਲਈ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਸਾਰਿਆਂ ਕੋਲ ਇਹ ਅਧਿਕਾਰ ਹੈ। ਹਰ ਕਿਸੇ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਭਲਾਈ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਦੇ ਜਮਹੂਰੀ ਅਧਿਕਾਰ ਦਾ ਸਨਮਾਨ ਕੀਤਾ ਜਾਵੇ।

ਰਾਜਨੀਤੀ ਵਿੱਚ ‘ਆਪ’ ਦੇ ਪ੍ਰਭਾਵ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਜਿਸ ਨੇ ਆਮ ਆਦਮੀ ਨੂੰ ਸਿਆਸਤ ਦੇ ਕੇਂਦਰ ਵਿੱਚ ਲਿਆਂਦਾ ਹੈ, ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਾਕੀ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਬਦਲ ਗਏ ਹਨ। ਪਹਿਲਾਂ ਆਮ ਆਦਮੀ ਦੀ ਭਲਾਈ ਦਾ ਏਜੰਡਾ ਕਿਤੇ ਵੀ ਨਹੀਂ ਦਿਖਾਈ ਦਿੰਦਾ ਸੀ ਅਤੇ ਨਫ਼ਰਤ ਤੇ ਵੰਡ-ਪਾਊ ਦੀ ਰਾਜਨੀਤੀ ਦਾ ਬੋਲਬਾਲਾ ਸੀ। ਜੇਕਰ ਰਾਜਨੀਤਿਕ ਪਾਰਟੀਆਂ ਨੂੰ ਜਾਤ, ਧਰਮ ਜਾਂ ਹੋਰ ਵੰਡਪਾਊ ਨੀਤੀਆਂ ਦੇ ਨਾਮ ‘ਤੇ ਵੋਟਾਂ ਮਿਲੀ ਜਾਣ ਤਾਂ ਫਿਰ ਕੋਈ ਸਕੂਲ, ਸਿੱਖਿਆ, ਸਿਹਤ ਜਾਂ ਕਿਸੇ ਹੋਰ ਚੀਜ਼ ਦੇ ਨਾਮ ‘ਤੇ ਵੋਟ ਕਿਉਂ ਦੇਵੇਗਾ?”

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article