ਪੰਜਾਬ ‘ਚ ਇੰਪੋਰਟਿਡ ਸ਼ਰਾਬ ਸਸਤੀ ਹੋ ਜਾਵੇਗੀ। ਪੰਜਾਬ ਦੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਨਾਲ ਹੀ ਪੰਜਾਬ ਵਿਚ ਬਣਨ ਵਾਲੀ ਸ਼ਰਾਬ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪੰਜਾਬ ਵਿਚ ਸਭ ਤੋਂ ਵੱਧ ਖਪਤ ਇਸ ਦੀ ਹੈ। ਸੂਬਾ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਵਿਚ ਇੰਪੋਰਟਿਡ ਸ਼ਰਾਬ ਨੂੰ ਸਸਤਾ ਕਰ ਦਿੱਤਾ ਹੈ। ਹੁਣ ਪ੍ਰਤੀ ਬੋਤਲ ਲਗਭਗ 100 ਤੋਂ 200 ਰੁਪਏ ਸਸਤੀ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਜੋ ਵੀ ਆਬਕਾਰੀ ਨੀਤੀ ਰਹੀ ਹੈ ਉਸ ਵਿਚ ਸ਼ਰਾਬ ਮਹਿੰਗੀ ਹੋਣ ਕਾਰਨ ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਮਾਤਰਾ ਵਿਚ ਤਸਕਰੀ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਇਨ੍ਹਾਂ ਦੋਵੇਂ ਸੂਬਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਠੇਕੇ ਜਾਂ ਤਾਂ ਨੀਲਾਮ ਹੀ ਨਹੀਂ ਹੁੰਦੇ ਸਨ ਜਾਂ ਫਿਰ ਘਾਟੇ ਵਿਚ ਰਹਿੰਦੇ ਸਨ। ਹੁਣ ਸ਼ਰਾਬ ਸਸਤੀ ਹੋਣ ਕਾਰਨ ਅਸਰ ਉਲਟ ਗਿਆ ਹੈ। ਇਸ ਨੀਤੀ ਕਾਰਨ ਪੰਜਾਬ ਦੀ ਆਮਦਨੀ ਵਿਚ ਵੀ ਕਾਫੀ ਵਾਧਾ ਹੋਇਆ ਹੈ।