ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਿੰਗ ਦੇ ਦਿਨ ਮੋਗਾ ਜ਼ਿਲ੍ਹੇ ਤੋਂ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਵੇਰ ਦੇ ਸਮੇਂ ਘਣੀ ਧੁੰਦ ਕਾਰਨ ਇੱਕ ਅਧਿਆਪਕ ਜੋੜੇ ਦੀ ਕਾਰ ਹਾਦਸਾਗ੍ਰਸਤ ਹੋ ਕੇ ਸੂਏ ਵਿੱਚ ਡਿੱਗ ਗਈ, ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਨੇੜੇ ਧੁੰਦ ਕਾਰਨ ਵਾਪਰਿਆ ਹੈ। ਅਧਿਆਪਕ ਜਸਕਰਨ ਸਿੰਘ ਮਾੜੀ ਮੁਸਤਫਾ ਵਿੱਚ ਪਤਨੀ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਡਿਊਟੀ ‘ਤੇ ਛੱਡਣ ਜਾ ਰਿਹਾ ਸੀ ਪਰ ਡਿਊਟੀ ‘ਤੇ ਪਹੁੰਚਣ ਤੋਂ ਪਹਿਲਾਂ ਹੀ ਦੋਨੋ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਪਤੀ-ਪਤਨੀ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਅਧਿਆਪਕਾ ਕਮਲਜੀਤ ਕੌਰ ਵਜੋਂ ਹੋਈ ਹੈ, ਜੋ ਮਾਨਸਾ ਦੇ ਰਹਿਣ ਵਾਲੇ ਜਸਕਰਨ ਸਿੰਘ ਦੀ ਪਤਨੀ ਹੈ ਅਤੇ ਇਸ ਵੇਲੇ ਧੂੜਕੋਟ ਰਣਸਿੰਘ ਵਿੱਚ ਰਹਿੰਦੀ ਹੈ। ਇਸ ਘਟਨਾ ਨਾਲ ਸਿੱਖਿਆ ਵਿਭਾਗ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅੱਜ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾ ਰਹੀਆਂ ਹਨ ਅਤੇ ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।




