Friday, November 15, 2024
spot_img

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥

Must read

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥ ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥੧॥ ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥ ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥੨॥ ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥

ਪਦਅਰਥ:- ਮੋਹਨ—ਹੇ ਮੋਹਨ! ਹੇ ਪਿਆਰੇ ਪ੍ਰਭੂ! ਹਾਵੈ—ਹਾਹੁਕੇ ਵਿਚ। ਕਜਰ—ਕੱਜਲ। ਅਭਰਣ—ਆਭਰਣ, ਗਹਿਣੇ। ਉਡੀਨੀ—ਉਦਾਸ, (ਉਡੀਕ ਵਿਚ)। ਘਰਿ—ਘਰ ਵਿਚ। ਰੀ—ਹੇ ਭੈਣ! ਹੇ ਸੁਹਾਗਣ ਭੈਣ!।1। ਰਹਾਉ। ਸੁਹਾਗਨਿ—ਗੁਰਮੁਖਿ ਸਹੇਲੀ, ਗੁਰੂ। ਸੀਸੁ—ਸਿਰ। ਧਰਿ—ਧਰ ਕੇ। ਲਾਲਨੁ—ਸੋਹਣਾ ਲਾਲ। ਮੋਹਿ—ਮੈਨੂੰ। ਘਰਿ—ਹਿਰਦੇ-ਘਰ ਵਿਚ।1। ਸਹੇਲੀ—ਹੇ ਸਹੇਲੀ! ਮਿਲਨ ਬਾਤ—ਮਿਲਣ ਦੀ ਗੱਲ। ਕਹਉ—ਕਹਉਂ, ਮੈਂ ਦੱਸਦੀ ਹਾਂ। ਸਗਰੋ—ਸਾਰਾ। ਅਹੰ—ਅਹੰਕਾਰ। ਤਉ—ਤਦੋਂ। ਘਰ ਹੀ—ਘਰਿ ਹੀ, ਘਰ ਵਿਚ ਹੀ {ਲਫ਼ਜ਼ ‘ਘਰਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਰਸ—ਆਨੰਦ। ਮੰਗਲ—ਖ਼ੁਸ਼ੀ। ਆਨਦ ਰੂਪੁ—ਉਹ ਪ੍ਰਭੂ ਜੋ ਨਿਰੋਲ ਆਨੰਦ ਹੀ ਆਨੰਦ ਹੈ। ਨਾਨਕੁ ਆਇਓ—ਨਾਨਕ ਆਇਆ ਹੈ। ਦੁਆਰੈ—ਦਰ ਤੇ।2। ਰੂਪੁ ਦਿਖਾਵੈ—ਦਰਸ਼ਨ ਦੇਂਦਾ ਹੈ, ਆਪਣਾ ਰੂਪ ਵਿਖਾਂਦਾ ਹੈ। ਮੋਹਿ—ਮੈਨੂੰ। ਨੀਦ—(ਮਾਇਆ ਦੇ ਮੋਹ ਵਲੋਂ) ਬੇ-ਪਰਵਾਹੀ। ਸੁਹਾਵੈ—ਸੁਖਾਂਦੀ ਹੈ। ਤਿਖਾ—ਤ੍ਰਿਸ਼ਨਾ, ਮਾਇਆ ਦੀ ਤ੍ਰੇਹ। ਸਹਜਿ—ਆਤਮਕ ਅਡੋਲਤਾ ਵਿਚ। ਪਿਰਹਿ—ਪਿਰ ਦੀ, ਪ੍ਰਭੂ-ਪਤੀ ਦੀ। ਰਹਾਉ ਦੂਜਾ।1। 128।

ਅਰਥ:- ਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ—) ਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ)।1। ਰਹਾਉ। ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ—) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ।1। (ਸੁਹਾਗਣ ਆਖਦੀ ਹੈ—) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ। (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ। ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ।2। ਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ। ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ। ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ। ਰਹਾਉ ਦੂਜਾ।1। 128।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article