ਸਲੋਕ ਮਃ ੩ ॥ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ਮਃ ੩ ॥ ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ਪਉੜੀ ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ, (ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ। ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ, ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।
ਹੇ ਨਾਨਕ! ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ, ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ।੧।
ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ, (ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ।੨।
ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।੩।
ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ) ; ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ।
(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ; ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।
ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ।੯।