ਬਿਲਾਵਲੁ ਮਹਲਾ ੪ ॥ ਖਤ੍ਰੀ ਬ੍ਰਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥ ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥ ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥ ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥ ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥ ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥ ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥ ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥ ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥
ਵਿਆਖਿਆ : ਕੋਈ ਖਤ੍ਰੀ ਹੋਵੇ, ਚਾਹੇ ਬ੍ਰਾਹਮਣ ਹੋਵੇ, ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ, ਹਰੇਕ (ਸ਼੍ਰੇਣੀ ਦਾ) ਮਨੁੱਖ ਪ੍ਰਭੂ ਦਾ ਨਾਮ-ਮੰਤ੍ਰ ਜਪ ਸਕਦਾ ਹੈ (ਇਹ ਸਭਨਾਂ ਵਾਸਤੇ) ਜਪਣ-ਜੋਗ ਹੈ । ਹੇ ਹਰੀ-ਜਨੋ! ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸਰਨ ਪਵੋ । ਦਿਨ ਰਾਤ ਹਰ ਵੇਲੇ ਗੁਰੂ ਦੀ ਸਰਨ ਪਏ ਰਹੋ ।੧। ਹੇ ਪ੍ਰਭੂ ਦੇ ਸੇਵਕ-ਜਨੋ! ਗੁਰੂ ਨੂੰ ਅੱਖਾਂ ਖੋਲ੍ਹ ਕੇ ਵੇਖੋ (ਗੁਰੂ ਪਾਰਬ੍ਰਹਮ ਦਾ ਰੂਪ ਹੈ) । ਗੁਰੂ ਦੀ ਦਿੱਤੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ ਬੋਲੋ, ਜੇਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ।੧।ਰਹਾਉ। (ਗੁਰੂ ਪਰਮੇਸਰ ਦਾ ਆਸਰਾ-ਪਰਨਾ ਭੁਲਾ ਕੇ ਆਪਣੀ ਭਲਾਈ ਦੇ) ਅਨੇਕਾਂ ਤੇ ਬਥੇਰੇ ਢੰਗ ਸੋਚੀਦੇ ਹਨ, ਪਰ ਉਹੀ ਗੱਲ ਹੁੰਦੀ ਹੈ ਜੋ (ਰਜ਼ਾ ਅਨੁਸਾਰ) ਜ਼ਰੂਰ ਹੋਣੀ ਹੁੰਦੀ ਹੈ । ਹਰੇਕ ਜੀਵ ਆਪਣਾ ਭਲਾ ਲੋੜਦਾ ਹੈ, ਪਰ ਪ੍ਰਭੂ ਉਹ ਕੰਮ ਕਰ ਦੇਂਦਾ ਹੈ ਜੋ ਮੇਰੇ (ਤੁਹਾਡੇ) ਚਿੱਤ ਚੇਤੇ ਭੀ ਨਹੀਂ ਹੁੰਦਾ ।੨। ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿਚ ਤੁਰੋ), ਪਰ ਇਹ ਗੱਲ ਹੈ ਬੜੀ ਹੀ ਔਖੀ । (ਫਿਰ ਭੀ) ਗੁਰੂ ਪਾਤਿਸ਼ਾਹ ਦੀ ਮਤਿ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ।੩। ਹੇ ਮਾਲਕ-ਪ੍ਰਭੂ! ਚੰਗੀ ਮੰਦੀ ਮਤਿ ਤੇਰੇ ਆਪਣੇ ਵੱਸ ਵਿਚ ਹੈ (ਤੇਰੀ ਪ੍ਰੇਰਨਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੁਰਦਾ ਹੈ ਕੋਈ ਮੰਦੇ ਪਾਸੇ), ਅਸੀ ਤੇਰੇ ਵਾਜੇ ਹਾਂ, ਤੂੰ ਸਾਨੂੰ ਵਜਾਣ ਵਾਲਾ ਸਭ ਵਿਚ ਵੱਸਣ ਵਾਲਾ ਪ੍ਰਭੂ ਹੈਂ । ਹੇ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਂਦਾ ਹੈ (ਸਾਡੇ ਮੂੰਹੋਂ ਬੋਲ ਕਢਾਂਦਾ ਹੈਂ) ।੪।੫।




