ਦਿ ਸਿਟੀ ਹੈੱਡ ਲਾਈਨਸ
ਚੰਡੀਗੜ੍ਹ, 8 ਫਰਵਰੀ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਆਮ ਚੋਣ 6 ਮਾਰਚ ਨੂੰ ਹੋਵੇਗੀ। ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ (ਸੇਵਾਮੁਕਤ) ਐਚਐਸ ਭੱਲਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਹਰਿਆਣਾ ਵਿੱਚ ਕੁੱਲ 40 ਵਾਰਡ ਬਣਾਏ ਗਏ ਹਨ। ਰਿਟਰਨਿੰਗ ਅਫ਼ਸਰ ਵੱਲੋਂ 9 ਫਰਵਰੀ ਨੂੰ ਨਾਮਜ਼ਦਗੀਆਂ ਮੰਗਣ ਵਾਲਾ ਨੋਟਿਸ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ 10 ਤੋਂ 16 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਛਾਂਟੀ 17 ਫਰਵਰੀ ਨੂੰ ਹੋਵੇਗੀ।
ਜਸਟਿਸ ਭੱਲਾ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਦੀ ਨਾਮਜ਼ਦਗੀ ਰਿਟਰਨਿੰਗ ਅਫ਼ਸਰ ਵੱਲੋਂ ਰੱਦ ਕੀਤੀ ਜਾਂਦੀ ਹੈ ਤਾਂ ਉਹ 19 ਫਰਵਰੀ ਤੱਕ ਸਬੰਧਤ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦੇ ਸਕਣਗੇ। ਡਿਪਟੀ ਕਮਿਸ਼ਨਰ 20 ਫਰਵਰੀ ਤੱਕ ਇਸ ਬਾਰੇ ਫੈਸਲਾ ਲੈਣਗੇ। ਨਾਮਜ਼ਦਗੀ ਪੱਤਰਾਂ ਦੀ ਸੂਚੀ ਉਸੇ ਦਿਨ ਪ੍ਰਕਾਸ਼ਿਤ ਕੀਤੀ ਜਾਵੇਗੀ, ਜਦਕਿ 21 ਫਰਵਰੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। ਚੋਣ ਕਮਿਸ਼ਨਰ ਅਨੁਸਾਰ 6 ਮਾਰਚ ਨੂੰ ਵੋਟਿੰਗ ਹੋਵੇਗੀ ਇਸ ਦੇ ਲਈ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਰੱਖਿਆ ਗਿਆ ਹੈ। ਵੋਟਿੰਗ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ, ਵੋਟਾਂ ਦੀ ਗਿਣਤੀ ਤੁਰੰਤ ਕਰਵਾਈ ਜਾਵੇਗੀ ਅਤੇ ਰਿਟਰਨਿੰਗ ਅਫਸਰ ਉਸੇ ਦਿਨ ਨਤੀਜੇ ਐਲਾਨ ਕਰਨਗੇ।