ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੌਰਾ ਕਰਨ ਪਹੁੰਚੇ। ਇਸ ਦੌਰਾਨ ਮੀਡੀਆ ਦੇ ਸਵਾਲਾਂ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਸਿਹਤ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਿਹਾ ਕਿ ਸਿਰਫ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ। ਸਾਰੇ ਹੀ ਹਸਪਤਾਲ ਵਿੱਚ ਜੋ ਦਿੱਕਤਾਂ ਹਨ ਹੱਲ ਕਰ ਦਿੱਤੀਆਂ ਜਾਣਗੀਆਂ। ਨਾਲ ਹੀ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਸਿਟੀ ਸੈਂਟਰ ਦੀ ਥਾਂ ਤੇ ਵੱਡਾ ਹਸਪਤਾਲ ਬਣਾਇਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਸਟਾਫ਼ ਦੀ ਅਣਗਿਹਲੀ ਕਰਕੇ ਜਿਸ ਮਰੀਜ਼ ਦੀ ਮੌਤ ਹੋਈ ਸੀ ਉਸੇ ਸਬੰਧੀ ਜਾਂਚ ਚੱਲ ਰਹੀ ਹੈ। ਉੱਥੇ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੰਤਰੀ ਦੀ ਆਮਦ ‘ਤੇ ਹੰਗਾਮਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਹਸਪਤਾਲ ਦੇ ਵਿਚ ਪਾਣੀ ਤੱਕ ਨਹੀਂ ਪੀਣ ਨੂੰ ਮਿਲ ਰਿਹਾ।
ਮੰਤਰੀ ਬਲਬੀਰ ਨੇ ਕਿਹਾ ਕਿ ਹਸਪਤਾਲ ਦੇ ਸਟਾਫ਼ ਦੀ ਵੱਡੀ ਲਾਪਰਵਾਹੀ ਹੈ ਕਿ ਕੁਝ ਦਿਨ ਪਹਿਲਾਂ ਵਾਰਡ ਵਿੱਚ ਇੱਕ ਮਰੀਜ਼ ਦੀ ਸਟਰੈਚਰ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਸਰਕਾਰ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਹੈ। ਡੀਸੀ ਸੁਰਭੀ ਮਲਿਕ ਨੇ ਮਾਮਲੇ ਦੀ ਜਾਂਚ ਕੀਤੀ ਹੈ। ਸਿਹਤ ਵਿਭਾਗ ਵੱਲੋਂ ਤਿੰਨ ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੁਝ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਮਰੀਜ਼ਾਂ ਪ੍ਰਤੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।