ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਚੰਡੀਗੜ੍ਹ (ਯੂਟੀ) ਦੇ ਐੱਸ.ਐੱਸ.ਪੀ. ਨੂੰ ਚਿੱਠੀ ਲਿਖ ਕੇ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ 25 ਜੂਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਘਰ ‘ਚ ਦਾਖਲ ਹੋਣ ਦੇ ਇਲਜ਼ਾਮ ਲਾਏ ਹਨ।
ਗਨੀਵ ਕੌਰ ਨੇ ਮੰਗ ਕੀਤੀ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਿਰੁੱਧ ਬਿਨਾਂ ਵਾਰੰਟ ਦੇ ਉਨ੍ਹਾਂ ਦੇ ਸਰਕਾਰੀ ਨਿਵਾਸ ਦੀ ਗੈਰ-ਕਾਨੂੰਨੀ ਤਲਾਸ਼ੀ ਲੈਣ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਗਨੀਵ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 25 ਜੂਨ 2025 ਦੀ ਸਵੇਰ ਨੂੰ 10:15 ਵਜੇ ਦੇ ਕਰੀਬ ਵਿਜੀਲੈਂਸ ਬਿਊਰੋ ਦੇ ਲਗਭਗ 20 ਸਾਦੇ ਕੱਪੜਿਆਂ ਵਾਲੇ ਅਧਿਕਾਰੀ ਜ਼ਬਰਦਸਤੀ ਸੈਕਟਰ-4, ਚੰਡੀਗੜ੍ਹ ਦੇ ਮਕਾਨ ਨੰਬਰ 39 ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਏ। ਉਸ ਵੇਲੇ ਸਿਰਫ਼ ਉਨ੍ਹਾਂ ਦੀ ਬਜ਼ੁਰਗ ਅਤੇ ਬੀਮਾਰ ਮਾਂ ਅਤੇ ਘਰੇਲੂ ਨੌਕਰਾਣੀ ਰਿਹਾਇਸ਼ ‘ਤੇ ਮੌਜੂਦ ਸਨ।
ਉਨ੍ਹਾਂ ਦੋਸ਼ ਲਗਾਇਆ ਕਿ ਅਰੁਣ ਸੈਣੀ ਦੀ ਨਿਗਰਾਨੀ ਹੇਠ, ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ, ਅਲਮਾਰੀਆਂ ਅਤੇ ਦਰਾਜ਼ ਖੋਲ੍ਹੇ, ਸਮਾਨ ਸੁੱਟਿਆ ਅਤੇ ਉਨ੍ਹਾਂ ਦੇ ਨਿੱਜੀ ਹੈਂਡਬੈਗਾਂ ਨੂੰ ਵੀ ਦੇਖਿਆ। ਜਦੋਂ ਉਨ੍ਹਾਂ ਦੇ ਕਾਨੂੰਨੀ ਵਕੀਲ ਨੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਅਤੇ ਪਛਾਣ ਅਤੇ ਸਰਚ ਵਾਰੰਟ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਥਿਤ ਤੌਰ ‘ਤੇ ਇਨਕਾਰ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਅਰੁਣ ਸੈਣੀ ਨੇ ਆਪਣਾ ਨਾਮ ਦੱਸਿਆ, ਪਰ ਪਛਾਣ ਪੱਤਰ ਨਹੀਂ ਦਿਖਾਇਆ।