ਨਵੀਂ ਦਿੱਲੀ: ਏਮਜ਼ ਦਿੱਲੀ ਦੇ ਟੀਚਿੰਗ ਬਲਾਕ ਵਿੱਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਏਮਜ਼ ਦੇ ਡਾਇਰੈਕਟਰ ਦੇ ਦਫਤਰ ਨੂੰ ਵੀ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਦਿੱਲੀ ਫਾਇਰ ਵਿਭਾਗ ਨੇ ਦੱਸਿਆ ਕਿ ਅੱਜ ਏਮਜ਼ ਦਿੱਲੀ ਦੇ ਟੀਚਿੰਗ ਬਲਾਕ ਵਿੱਚ ਅੱਗ ਲੱਗ ਗਈ। ਇਸ ਅੱਗ ਕਾਰਨ ਟੀਚਿੰਗ ਬਲਾਕ ਵਿੱਚ ਪਿਆ ਫਰਨੀਚਰ ਅਤੇ ਦਫ਼ਤਰ ਦੇ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਤੋਂ ਬਾਅਦ ਏਮਜ਼ ‘ਚ ਹਫੜਾ-ਦਫੜੀ ਮਚ ਗਈ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਹਾਲਾਂਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਪਰ ਫਾਇਰ ਫਾਈਟਰਜ਼ ਨੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ।
ਏਮਜ਼ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ। ਏਮਜ਼ ਮੀਡੀਆ ਸੈੱਲ ਦੀ ਇੰਚਾਰਜ ਡਾ: ਰੀਮਾ ਦਾਦਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5-25 ਵਜੇ ਦੂਜੀ ਮੰਜ਼ਿਲ ਦੇ ਬਾਇਓਲੋਜੀ ਵਿਭਾਗ ਦੇ ਕਮਰਾ ਨੰਬਰ 2090 ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਤੁਰੰਤ ਬਾਅਦ ਸੁਰੱਖਿਆ ਅਤੇ ਫਾਇਰ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਫਰਿੱਜ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ।