ਲੁਧਿਆਣਾ, 8 ਸਤੰਬਰ: 30 ਸਤੰਬਰ ਨੂੰ 10 ਫੀਸਦੀ ਛੋਟ ਦੇ ਨਾਲ ਪ੍ਰਾਪਰਟੀ ਟੈਕਸ ਰਿਟਰਨ ਜਮ੍ਹਾ ਕਰਵਾਉਣ ਦਾ ਆਖਰੀ ਦਿਨ ਹੈ, ਜਿਸ ਕਰਕੇ ਨਗਰ ਨਿਗਮ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਆਪਣਾ ਟੈਕਸ ਜਮ੍ਹਾ ਕਰਵਾਉਣ ਅਤੇ ਛੋਟ ਦਾ ਲਾਭ ਉਠਾਉਣ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੀਬ 2 ਲੱਖ ਪ੍ਰਾਪਰਟੀ ਮਾਲਕ ਹਨ, ਜਿਨ੍ਹਾਂ ਨੇ ਹੁਣ ਤੱਕ ਚਾਲੂ ਮਾਲੀ ਸਾਲ ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ। ਉਹ 30 ਸਤੰਬਰ ਤੱਕ ਟੈਕਸ ਭਰ ਕੇ 10 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸੁਵਿਧਾ ਕੇਂਦਰਾਂ ‘ਤੇ ਟੈਕਸ ਜਮ੍ਹਾਂ ਕਰਵਾਉਣ ਲਈ ਵਸਨੀਕਾਂ ਦੀ ਸਹੂਲਤ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਵਸਨੀਕ ਲੰਬੀਆਂ ਕਤਾਰਾਂ ਵਿੱਚ ਖੜ੍ਹਨ ਤੋਂ ਬਚਣ ਲਈ ਨਗਰ ਨਿਗਮ ਦੀ ਵੈੱਬਸਾਈਟ – mcludhiana.gov.in ‘ਤੇ ਜਾ ਕੇ ਪ੍ਰਾਪਰਟੀ ਟੈਕਸ ਦਾ ਆਨਲਾਈਨ ਭੁਗਤਾਨ ਵੀ ਕਰ ਸਕਦੇ ਹਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਵਸਨੀਕ 30 ਸਤੰਬਰ ਤੱਕ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ ‘ਤੇ 10 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ। 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਦੀ ਅਦਾਇਗੀ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ। 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਦਾ ਭੁਗਤਾਨ ਕਰਨ ‘ਤੇ ਵਿਭਾਗ ਵੱਲੋਂ 10 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਵਸਨੀਕ 31 ਮਾਰਚ ਤੱਕ ਚਾਲੂ ਵਿੱਤੀ ਸਾਲ ਲਈ ਟੈਕਸ ਅਦਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਜੁਰਮਾਨਾ ਵਧਾ ਕੇ 20 ਪ੍ਰਤੀਸ਼ਤ ਕਰ ਦਿੱਤਾ ਜਾਂਦਾ ਹੈ ਅਤੇ 18 ਪ੍ਰਤੀਸ਼ਤ ਸਾਲਾਨਾ ਵਿਆਜ ਵੀ ਲਗਾਇਆ ਜਾਂਦਾ ਹੈ।
(ਉਪ ਸਿਰਲੇਖ) ਨਗਰ ਨਿਗਮ ਦਫਤਰ ਸ਼ਨੀਵਾਰ ਨੂੰ ਵੀ ਖੁੱਲੇ ਰਹਿਣਗੇ:
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੁਵਿਧਾ ਕੇਂਦਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।
ਕੰਮਕਾਜੀ ਦਿਨਾਂ ਤੋਂ ਇਲਾਵਾ, ਨਗਰ ਨਿਗਮ ਸੁਵਿਧਾ ਕੇਂਦਰ 9 ਸਤੰਬਰ (ਸ਼ਨੀਵਾਰ), 16 ਸਤੰਬਰ (ਸ਼ਨੀਵਾਰ), 23 ਸਤੰਬਰ (ਸ਼ਨੀਵਾਰ), 24 ਸਤੰਬਰ (ਐਤਵਾਰ) ਅਤੇ 30 ਸਤੰਬਰ (ਸ਼ਨੀਵਾਰ) ਨੂੰ ਵੀ ਖੁੱਲ੍ਹੇ ਰਹਿਣਗੇ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੋਂ ਨਗਰ ਨਿਗਮ ਸੁਵਿਧਾ ਕੇਂਦਰਾਂ ਦਾ ਸਮਾਂ ਵੀ ਵਧਾ ਦਿੱਤਾ ਜਾਵੇਗਾ ਅਤੇ ਸੁਵਿਧਾ ਕੇਂਦਰ ਸ਼ਾਮ 4 ਵਜੇ ਤੱਕ ਖੁੱਲ੍ਹੇ ਰਹਿਣਗੇ। ਵਰਤਮਾਨ ਸਮੇਂ ਵਿੱਚ ਸੁਵਿਧਾ ਕੇਂਦਰ ਦੁਪਹਿਰ 3 ਵਜੇ ਤੱਕ ਚਾਲੂ ਰਹਿੰਦੇ ਹਨ।