ਚੰਡੀਗੜ੍ਹ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਦੇ ਐਲਾਂਟੇ ਮਾਲ ‘ਚ ਟੁਆਏ ਟਰੇਨ ਦੇ ਪਲਟ ਜਾਣ ਕਾਰਨ ਟਰੇਨ ਦੇ ਪਿਛਲੇ ਡੱਬੇ ‘ਚ ਬੈਠਾ 11 ਸਾਲ ਦਾ ਬੱਚਾ ਡਿੱਗ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਚੇ ਨੂੰ ਜੀ.ਐੱਮ.ਸੀ.ਐੱਚ.-32 ‘ਚ ਦਾਖਲ ਕਰਵਾਇਆ, ਜਿੱਥੇ ਸਵੇਰੇ ਚਾਰ ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਨਵਾਂਸ਼ਹਿਰ ਦੇ ਰਹਿਣ ਵਾਲੇ 11 ਸਾਲਾ ਸ਼ਾਹਬਾਜ਼ ਵਜੋਂ ਹੋਈ ਹੈ। ਪੁਲਿਸ ਨੇ ਟੁਆਏ ਟਰੇਨ ਨੂੰ ਜ਼ਬਤ ਕਰ ਲਿਆ ਹੈ।
ਜਤਿੰਦਰ ਪਾਲ ਦੀ ਸ਼ਿਕਾਇਤ ‘ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਸ ਨੇ Toy ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂ ਧਾਮ ਅਤੇ ਕੰਪਨੀ ਮਾਲਕਾਂ ਖਿਲਾਫ ਮਾੜੀ ਨੀਅਤ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਨੇ ਏਲਾਂਟੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਜਿਸ ‘ਚ ਬੱਚਾ Toy ਟਰੇਨ ‘ਚੋਂ ਉਤਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ Toy ਟਰੇਨ ਵਿੱਚ ਸਿਰਫ਼ ਦੋ ਬੱਚੇ ਹੀ ਬੈਠੇ ਸਨ। ਪਿਤਾ ਦਾ ਦੋਸ਼ ਹੈ ਕਿ ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ। ਨਵਾਂਸ਼ਹਿਰ ਵਾਸੀ ਜਤਿੰਦਰ ਪਾਲ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਆਇਆ ਸੀ। ਸ਼ਨੀਵਾਰ ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਕ ਮੈਂਬਰ ਸੈਰ ਕਰਨ ਅਤੇ ਖਰੀਦਦਾਰੀ ਕਰਨ ਲਈ ਏਲਾਂਟੇ ਮਾਲ ਪਹੁੰਚੇ।