ਲੁਧਿਆਣਾ, 27 ਸਤੰਬਰ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ED ਨੇ ਫੂਡ ਸਪਲਾਈ ਵਿਭਾਗ ਅਤੇ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ 22.78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਜਾਇਦਾਦਾਂ ਫੂਡ ਸਪਲਾਈ ਵਿਭਾਗ ਦੇ ਘੁਟਾਲੇ ਅਤੇ ਮਨੀ ਲਾਂਡਰਿੰਗ ਦੇ ਕੇਸ ਨਾਲ ਅਟੈਚ ਕੀਤੀਆਂ ਹਨ। ਸਾਰੀਆਂ ਜ਼ਮੀਨਾਂ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਹਨ। ਜਾਣਕਾਰੀ ਅਨੁਸਾਰ ਈਡੀ ਨੇ ਆਸ਼ੂ ਦੀ ਲੁਧਿਆਣਾ, ਖੰਨਾ ਅਤੇ ਮੋਹਾਲੀ ਸਥਿਤ ਜਾਇਦਾਦਾਂ ਨੂੰ ਅਟੈਚ ਕਰ ਲਿਆ ਹੈ। ਹਾਲਾਂਕਿ ਅਜੇ ਵੀ ਈਡੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਰਚਾ ਹੈ ਕਿ ਇਸ ਮਾਮਲੇ ‘ਚ ਹੋਰ ਵੀ ਕਈ ਲੋਕ ਫਸ ਸਕਦੇ ਹਨ। ਈਡੀ ਅਨੁਸਾਰ ਇਹ ਸਾਰੀਆਂ ਜਾਇਦਾਦਾਂ ਫੂਡ ਸਪਲਾਈ ਵਿਭਾਗ ਵਿੱਚ 2000 ਕਰੋੜ ਰੁਪਏ ਦੇ ਘੁਟਾਲੇ ਨਾਲ ਬਣਾਈਆਂ ਗਈਆਂ ਹਨ। ਉੱਥੇ ਹੀ ਈਡੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਕਤ ਮੁਲਜ਼ਮ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੈ। ਜਿਕਰਯੋਗ ਹੈ ਕਿ ਆਸ਼ੂ ਨੂੰ ਫੂਡ ਸਪਲਾਈ ਵਿਭਾਗ ਦੇ ਘਪਲੇ ਵਿੱਚ ਵਿਜੀਲੈਂਸ ਵੱਲੋਂ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਈਡੀ ਵੱਲੋਂ ਆਸ਼ੂ ਦੇ ਘਰ ਛਾਪਾ ਮਾਰਿਆ ਗਿਆ। ਆਸ਼ੂ ਨੂੰ ਅਗਸਤ 2024 ਨੂੰ ਜਲੰਧਰ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਭੂਸ਼ਣ ਆਸ਼ੂ ‘ਤੇ ਕਰੀਬ 2,000 ਕਰੋੜ ਰੁਪਏ ਦੇ ਅਨਾਜ ਟਰਾਂਸਪੋਰਟਰ ਟੈਂਡਰ ਘੁਟਾਲੇ ਦਾ ਦੋਸ਼ ਹੈ। ਜਿਸ ਤੋਂ ਬਾਅਦ ਉਸ ਦਾ ਦੋ ਵਾਰ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ।