ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬੀਤੇ ਦਿਨ ED ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਸਾਬਕਾ ਮੰਤਰੀ ਨੂੰ ਜਲੰਧਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ED ਅਧਿਕਾਰੀਆਂ ਨੇ ਅਦਾਲਤ ਤੋਂ 7 ਦਿਨਾਂ ਦੇ ਰਿਮਾਂਡ ਮੰਗਿਆ, ਪਰ ਅਦਾਲਤ ਨੇ ਦੋਨਾਂ ਪੱਖ ਦੀਆਂ ਦਲੀਲਾਂ ਸੁਣ ਤੋਂ ਬਾਅਦ ਸਾਬਕਾ ਮੰਤਰੀ ਆਸ਼ੂ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਸਾਬਕਾ ਮੰਤਰੀ ਨੂੰ 7 ਅਗਸਤ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ।
ਦਸ ਦੇਈਏ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਨੇ ਵੀਰਵਾਰ ਨੂੰ ਜਲੰਧਰ ‘ਚ ਪੁੱਛਗਿੱਛ ਲਈ ਬੁਲਾਇਆ ਹੈ। ਦੇਰ ਸ਼ਾਮ ਈਡੀ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਦੇ ਅਧਿਕਾਰੀਆਂ ਨੇ 9 ਘੰਟੇ ਤੱਕ ਆਸ਼ੂ ਤੋਂ ਉਸ ਦੀ ਵਧੀ ਹੋਈ ਦੌਲਤ ਅਤੇ ਵਿਦੇਸ਼ਾਂ ‘ਚ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਈਡੀ ਅਧਿਕਾਰੀਆਂ ਦੇ ਸਾਹਮਣੇ ਵਿਦੇਸ਼ਾਂ ‘ਚ ਕੁਝ ਲੈਣ-ਦੇਣ ਸਾਹਮਣੇ ਆਏ ਹਨ। ਜਿਸ ਕਾਰਨ ਆਸ਼ੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈਡੀ ਹੁਣ ਉਨ੍ਹਾਂ ਖਾਤਾਧਾਰਕਾਂ ਦੀ ਸਮੀਖਿਆ ਕਰਨ ਵਿੱਚ ਰੁੱਝਿਆ ਹੋਇਆ ਹੈ, ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਹਨ। ਈਡੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਕ ਕੀਤੇ ਗਏ ਆਸ਼ੂ ਦੀਆਂ ਜਾਇਦਾਦਾਂ ਦੇ ਹਲਫਨਾਮਿਆਂ ਦੇ ਨਾਲ-ਨਾਲ ਉਸ ਦੀ ਮੌਜੂਦਾ ਜਾਇਦਾਦ ਦਾ ਵੀ ਮੁਲਾਂਕਣ ਕਰ ਰਿਹਾ ਹੈ। ਈਡੀ ਆਉਣ ਵਾਲੇ ਦਿਨਾਂ ‘ਚ ਆਸ਼ੂ ਦੇ ਕੁਝ ਕਰੀਬੀ ਦੋਸਤਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।