ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਜਿਸ ਨਾਲ ਪੰਜਾਬ ਦੇ ਹਾਲਾਤ ਕਾਫ਼ੀ ਗੰਭੀਰ ਬਣੇ ਹੋਏ ਹਨ। ਹੜ੍ਹਾਂ ਨੇ ਪੂਰੇ ਸੂਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦੌਰਾਨ ਪੰਜਾਬੀ ਕਲਾਕਾਰ ਹਰ ਪੱਖੋਂ ਹੜ੍ਹ ਪੀੜ੍ਹਤਾਂ ਦੀ ਮਦਦ ‘ਚ ਲੱਗੇ ਹਨ। ਪਿਛਲੇ ਦਿਨੀਂ ਦਿਲਜੀਤ ਦੋਸਾਂਝ ਨੇ ਪੰਜਾਬ ਦੇ 10 ਪਿੰਡ ਗੋਦ ਲੈਣ ਦਾ ਐਲਾਨ ਕੀਤਾ ਸੀ, ਜਿਸ ਵਿਚ ਉਨ੍ਹਾਂ ਦੀ ਫਾਊਂਡੇਸ਼ਨ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ 10 ਪਿੰਡਾਂ ਦੀ ਦੇਖਭਾਲ ਕਰੇਗੀ। ਹੁਣ ਦਿਲਜੀਤ ਨੇ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਦੀ ਹਿੰਮਤ ਵਧਾਈ ਹੈ ਤੇ ਹੌਂਸਲਾ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਜ਼ਿੰਦਗੀਆਂ ਦੁਬਾਰਾ ਸ਼ੁਰੂ ਨਹੀਂ ਹੋ ਜਾਂਦੀਆਂ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।
ਇਸ ਦੇ ਨਾਲ ਹੀ ਦਿਲਜੀਤ ਨੇ ਪੰਜਾਬ ਦੇ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਲਾਤ ਹੜ੍ਹ ਕਾਰਨ ਬਹੁਤ ਖਰਾਬ ਹਨ। ਲੋਕਾਂ ਦੇ ਘਰ ਰੁੜ ਗਏ ਹਨ, ਫਸਲਾਂ ਤਬਾਹ ਹੋ ਚੁੱਕੀਆਂ ਹਨ। ਪਸ਼ੂ, ਮੱਝਾਂ-ਗਾਵਾਂ ਮਰ ਚੁੱਕੀਆਂ ਹਨ। ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ। ਪੰਜਾਬ ਜ਼ਖਮੀ ਹੈ, ਪਰ ਹਾਰਿਆ ਨਹੀਂ ਹੈ। ਅਸੀਂ ਪੰਜਾਬ ਦੀ ਗੋਦੀ ਵਿਚੋਂ ਉਠੇ ਹਾਂ, ਪੰਜਾਬ ਨੇ ਸਾਨੂੰ ਗੋਦ ਲਿਆ ਹੈ ਤੇ ਅਸੀਂ ਪੰਜਾਬ ਦੀ ਗੋਦ ‘ਚ ਹੀ ਮਰਨਾ ਹੈ।