ਨਵੇਂ ਸਾਲ ਦੇ ਜਸ਼ਨ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ‘ਦਿਲ-ਲੁਮਿਨਾਟੀ ਟੂਰ’ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫੁੱਟਬਾਲ ਸਟੇਡੀਅਮ ਵਿਖੇ ਸਮਾਪਤ ਹੋ ਗਿਆ ਹੈ। ਇਸ ਸ਼ੋਅ ਦੌਰਾਨ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ। ਦਿਲਜੀਤ ਦੋਸਾਂਝ ਦੇ ਇਸ ਸ਼ੋਅ ‘ਚ ਚੋਰਾਂ ਦੀ ਵੀ ਮੌਜ ਲੱਗੀ। ਹੁਣ ਹੌਲੀ-ਹੌਲੀ ਲੋਕ ਪੀਏਯੂ ਥਾਣੇ ਜਾ ਕੇ ਮੋਬਾਈਲ ਫ਼ੋਨਾਂ ਅਤੇ ਪਰਸ ਆਦਿ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲੱਗੇ ਹਨ।
ਸਖ਼ਤ ਸੁਰੱਖਿਆ ਦੇ ਬਾਵਜੂਦ ਲੋਕਾਂ ਦੀਆਂ ਜੇਬਾਂ ਵਿੱਚੋਂ ਮੋਬਾਈਲ ਫ਼ੋਨ ਚੋਰੀ ਹੋ ਗਏ। ਹੁਣ ਤੱਕ 17 ਮੋਬਾਈਲ ਫੋਨਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ। ਪੀਏਯੂ ਥਾਣੇ ਵਿੱਚ ਮੋਬਾਈਲ ਫੋਨ ਚੋਰੀ ਹੋਣ ਦੀਆਂ 17 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸੂਤਰਾਂ ਅਨੁਸਾਰ ਕਰੀਬ 15 ਤੋਂ 20 ਲੋਕ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਥਾਣੇ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਚੋਰੀ ਦੀਆਂ ਘਟਨਾਵਾਂ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਪੀਏਯੂ ਥਾਣੇ ਦੇ SHO ਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 15 ਤੋਂ 17 ਵਿਅਕਤੀਆਂ ਦੇ ਮੋਬਾਈਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਥਾਣੇ ਵਿੱਚ ਆ ਚੁੱਕੀਆਂ ਹਨ। ਪੁਲਸ ਚੋਰੀ ਹੋਏ ਫੋਨ ਨੂੰ ਟਰੇਸ ਕਰਨ ‘ਚ ਲੱਗੀ ਹੋਈ ਹੈ।