ਚੰਡੀਗੜ੍ਹ : ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੇ ਸਾਰੇ ਏਡੀਜੀਪੀ, ਆਈ ਜੀ, ਡੀਆਈਜੀ, ਪੁਲੀਸ ਕਮਿਸ਼ਨਰ, ਐਸਐਸਪੀ, ਡੀਐਸਪੀ ਅਤੇ ਐਸਐਚਓ ਨੂੰ ਰੋਜ਼ਾਨਾ ਕੰਮਕਾਜ ਵਾਲੇ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਦਫ਼ਤਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਅਕਾਊਂਟ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਇਹ ਨਿਰਦੇਸ਼ ਦਿੱਤੇ ਹਨ।
ਡੀਜੀਪੀ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰੋਜ਼ਾਨਾ ਪੁਲਿਸ ਅਫ਼ਸਰ ਦੋ ਘੰਟੇ ਦਫਤਰਾਂ ਵਿੱਚ ਰਹਿ ਕੇ ਜਨਤਕ ਮਿਲਣੀਆਂ ਕਰਨਗੇ। ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਚੰਡੀਗੜ੍ਹ ਵਿਖੇ ਸਥਿਤ ਪੁਲੀਸ ਹੈਡ ਕੁਆਰਟਰ ਵਿੱਚ ਤਾਇਨਾਤ ਵਿਸ਼ੇਸ਼ ਡੀਜੀਪੀ ਅਤੇ ਵਧੀਕ ਡੀਜੀਪੀ ਰੈਂਕ ਦੇ ਅਧਿਕਾਰੀਆਂ ਨੂੰ ਵੀ ਦਿਨ ਤੈਅ ਕਰਕੇ ਦਫਤਰ ਵਿੱਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਹਨ।