ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਉਹ 40 ਦਿਨਾਂ ਦੀ ਪੈਰੋਲ ਲੈਣ ਤੋਂ ਬਾਅਦ ਦੁਬਾਰਾ ਜੇਲ੍ਹ ਤੋਂ ਬਾਹਰ ਆਇਆ। ਉਹ ਪੁਲਿਸ ਸੁਰੱਖਿਆ ਹੇਠ ਸਵੇਰੇ ਜਲਦੀ ਸਿਰਸਾ ਡੇਰਾ ਲਈ ਰਵਾਨਾ ਹੋ ਗਿਆ। ਸਿਰਸਾ ਡੇਰਾ ਮੁਖੀ ਰਾਮ ਰਹੀਮ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ, ਉਹ 9 ਅਪ੍ਰੈਲ ਨੂੰ 21 ਦਿਨਾਂ ਦੀ ਛੁੱਟੀ ‘ਤੇ ਬਾਹਰ ਆਇਆ ਸੀ। ਗੁਰਮੀਤ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ।
ਦੱਸ ਦੇਈਏ ਕਿ ਰਾਮ ਰਹੀਮ ਦਾ ਜਨਮਦਿਨ 15 ਅਗਸਤ ਨੂੰ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰੇ ਵਿੱਚ ਰੱਖੜੀ ਤੋਂ ਬਾਅਦ ਜਨਮਦਿਨ ਮਨਾਇਆ ਜਾਵੇਗਾ। ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਲਈ ਜੇਲ੍ਹ ਤੋਂ ਬਾਹਰ ਜਾਣਾ ਕੋਈ ਨਵੀਂ ਗੱਲ ਨਹੀਂ ਹੈ।