13 ਫਰਵਰੀ 2024-: ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੂਜੇ ਪਾਸੇ ਦਿੱਲੀ ਏਅਰਪੋਰਟ ਨੇ ਵੀ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕਿਸਾਨਾਂ ਦੇ ਮਾਰਚ ਬਾਰੇ ਦਿੱਲੀ ਏਅਰਪੋਰਟ ਨੇ ਕਿਹਾ ਹੈ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਅੱਜ ਤੋਂ ਸ਼ੁਰੂ ਹੋ ਰਹੇ ਕਿਸਾਨ ਅੰਦੋਲਨ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।
ਇਸ ਦੇ ਨਾਲ ਹੀ ਅੱਗੇ ਕਿਹਾ ਗਿਆ ਹੈ ਕਿ ਕਈ ਰੂਟਾਂ ਵਿੱਚ ਬਦਲਾਅ ਕੀਤੇ ਗਏ ਹਨ। ਵਪਾਰਕ ਵਾਹਨਾਂ ਲਈ ਟ੍ਰੈਫਿਕ ਪਾਬੰਦੀਆਂ ਅਤੇ ਬਦਲਾਅ 12 ਫਰਵਰੀ ਤੋਂ ਲਾਗੂ ਹੋ ਗਏ ਹਨ। ਇਸ ਲਈ ਸਮੇਂ ਸਿਰ ਹਵਾਈ ਅੱਡੇ ‘ਤੇ ਪਹੁੰਚਣ ਅਤੇ ਆਸਾਨ ਯਾਤਰਾ ਕਰਨ ਲਈ, ਤੁਸੀਂ ਸੁਵਿਧਾਜਨਕ ਆਵਾਜਾਈ ਵਿਕਲਪਾਂ ਲਈ ਟਰਮੀਨਲ 1 (T1) ਲਈ ਮੈਜੈਂਟਾ ਲਾਈਨ ਜਾਂ ਟਰਮੀਨਲ 3 (T3) ਲਈ ਏਅਰਪੋਰਟ ਮੈਟਰੋ ਦੀ ਵਰਤੋਂ ਕਰ ਸਕਦੇ ਹੋ। ਏਅਰਪੋਰਟ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਦਿੱਲੀ ਮੈਟਰੋ ਰਾਹੀਂ ਸਫ਼ਰ ਕਰਨ। ਦਿੱਲੀ ਟ੍ਰੈਫਿਕ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਕਈ ਰਸਤੇ ਬੰਦ ਕਰਨੇ ਪੈ ਸਕਦੇ ਹਨ। ਜਿੱਥੇ ਵੀ ਲੋੜ ਪਈ, ਉਹ ਰਸਤੇ ਬੰਦ ਕਰ ਦਿੱਤੇ ਜਾਣਗੇ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ ਨੂੰ ਰਾਤ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਚੱਲੋ ਮਾਰਚ ਦੇ ਚਲਦਿਆਂ ਰਾਸ਼ਟਰੀ ਰਾਜਧਾਨੀ ਨੂੰ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਸੋਮਵਾਰ ਤੋਂ 30 ਦਿਨਾਂ ਲਈ ਪੂਰੀ ਦਿੱਲੀ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਕੁੰਡਲੀ-ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਮੇਤ ਸਾਰੀਆਂ ਸਰਹੱਦਾਂ ਦੀ ਕਿਲਾਬੰਦੀ ਕਰ ਦਿਤੀ ਗਈ ਹੈ।ਇਸ ਵਿਚਾਲੇ ਖ਼ਬਰਾਂ ਹਨ ਕਿ ਦਿੱਲੀ-ਅੰਮ੍ਰਿਤਸਰ ਰੂਟ ਦੇ ਹਵਾਈ ਕਿਰਾਇਆਂ ਵਿਚ ਵੀ ਵਾਧਾ ਹੋਇਆ ਹੈ। ਖ਼ਬਰਾਂ ਅਨੁਸਾਰ ਏਅਰ ਇੰਡੀਆ, ਵਿਸਤਾਰਾ ਅਤੇ ਇੰਡੀਗੋ ਵਲੋਂ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ 10 ਫਲਾਈਟਸ ਚਲਾਈਆਂ ਜਾਂਦੀਆਂ ਹਨ। ਆਮ ਤੌਰ ’ਤੇ ਅੰਮ੍ਰਿਤਸਰ ਅਤੇ ਦਿੱਲੀ ਵਿਚਕਾਰ ਕਿਰਾਇਆ 3200 ਤੋਂ 3500 ਰੁਪਏ ਪ੍ਰਤੀ ਟਿਕਟ ਹੁੰਦਾ ਹੈ। ਹੁਣ ਮੁਸਾਫਰ 14 ਤੋਂ 19 ਹਜ਼ਾਰ ਰੁਪਏ ਇਕ ਪਾਸੇ ਦਾ ਕਿਰਾਇਆ ਭਰ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਸਮੇਂ ਵਿਚ ਕੋਈ ਵੀ ਸੀਟ ਖਾਲੀ ਨਹੀਂ ਹੈ।