ਪੰਜਾਬ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਹੈ। ਕਿਸਾਨਾ ਦੀਆਂ ਫ਼ਸਲਾਂ ਬਹੁਤ ਨੁਕਸਾਨੀਆਂ ਗਈਆਂ ਹਨ। ਪੰਜਾਬ ਦੇ ਇਲਾਕੇ ਗੁਰੂਹਰਸਹਾਏ, ਪਿੰਡ ਸ਼ਰੀਂਹ ਵਾਲਾ ਬਰਾੜ, ਫਿਰੋਜ਼ਪੁਰ ‘ਚ ਭਾਰੀ ਗੜੇਮਾਰੀ ਹੋਈ ਤੇ ਇਸ ਦੇ ਨਾਲ ਹੀ ਪੰਜਾਬ ਦੇ ਹੋਰ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ 18 ਤੋਂ 20 ਅਪਰੈਲ ਦਰਮਿਆਨ ਛਿਟਕਿਆਂ ਮੀਂਹ ਪੈਣ ਦੀ ਸੰਭਾਵਨਾ ਹੈ।
ਅੱਜ ਚੱਲੀਆਂ ਤੇਜ਼ ਹਵਾਵਾਂ ਤੇ ਭਾਰੀ ਮਾਤਰਾ ਵਿੱਚ ਗੜੇ ਪੈਣ ਨਾਲ ਕਣਕ ਦੀ ਫਸਲ ਤੇ ਬਰਸੀਨ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮਟਰਾਂ ਤੇ ਆਲੂਆਂ ਦੀ ਫਸਲ ਦਾ ਸਹੀ ਮੁੱਲ ਨਾ ਪੈਣ ਕਾਰਨ ਕਿਸਾਨ ਕਰਜ਼ਾਈ ਹੋ ਗਏ ਹਨ ਤੇ ਸਦਮੇ ਵਿੱਚੋਂ ਨਹੀ ਨਿਕਲੇ, ਉਪਰੋ ਇਸ ਬੇ ਵਕਤੀ ਬਾਰਸ਼ ਤੇ ਭਾਰੀ ਗੜੇ ਮਾਰੀ ਨੇ ਕਣਕ ਦੀ ਫਸਲ ਵਿਛਾ ਦਿੱਤੀ ਹੈ ਤੇ ਸਿੱਟੇ ਝਾੜ ਦਿੱਤੇ ਹਨ।
ਦੱਸ ਦਈਏ ਕਿ ਆਉਣ ਵਾਲੇ 10 ਦਿਨਾਂ ‘ਚ ਹਿਮਾਚਲ, ਉਤਰਾਖੰਡ ਅਤੇ ਪੰਜਾਬ ਵਿੱਚ ਗੜੇਮਾਰੀ ਹੋ ਸਕਦੀ ਹੈ। ਡਾ: ਰਾਜਿੰਦਰ ਮੁਤਾਬਕ ਕੁਝ ਇਲਾਕਿਆਂ ‘ਚ ਬਰਸਾਤ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ ਪਰ ਉਸ ਤੋਂ ਬਾਅਦ ਤਾਪਮਾਨ ‘ਚ ਫਿਰ ਵਾਧਾ ਹੋਵੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ‘ਚ ਉੱਤਰ-ਪੱਛਮੀ ਭਾਰਤ ਦਾ ਤਾਪਮਾਨ 2-3 ਡਿਗਰੀ ਤੱਕ ਵਧੇਗਾ। ਪੱਛਮੀ ਉੱਤਰ ਪ੍ਰਦੇਸ਼ ਵਿੱਚ 18 ਅਪ੍ਰੈਲ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ 18-19 ਅਪ੍ਰੈਲ ਨੂੰ ਹੀਟਵੇਵ ਦੀ ਸੰਭਾਵਨਾ ਹੈ। ਮੱਧ ਭਾਰਤ ਵਿੱਚ ਵੀ ਤਾਪਮਾਨ 2-3 ਡਿਗਰੀ ਤੱਕ ਵੱਧ ਸਕਦਾ ਹੈ।