ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਖਹਿਰਾ ਨਸ਼ਾ ਤਸਕਰੀ (NDPS) ਮਾਮਲੇ ਵਿੱਚ 28 ਸਤੰਬਰ 2023 ਤੋਂ ਜੇਲ੍ਹ ਵਿੱਚ ਬੰਦ ਸਨ। ਅਜਿਹੇ ‘ਚ ਇਸ ਮਾਮਲੇ ‘ਚ ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ ਹੋ ਗਿਆ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜਲਾਲਾਬਾਦ ਜ਼ਿਲ੍ਹਾ ਪੁਲਿਸ ਨੇ 28 ਸਤੰਬਰ ਨੂੰ ਸਵੇਰੇ 5 ਵਜੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਖਹਿਰਾ ਭੁੱਲਥ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਹਨ। ਹਾਲਾਂਕਿ ਉਹ ਸ਼ੁਰੂ ਤੋਂ ਹੀ ਕਹਿ ਰਿਹਾ ਹੈ ਕਿ ਉਸ ਖਿਲਾਫ ਗਲਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਖਹਿਰਾ ਖਿਲਾਫ ਪੰਜਾਬ ਪੁਲਿਸ ਨੇ ਥਾਣਾ ਸੁਭਾਨਪੁਰ ‘ਚ ਧਾਰਾ 195 ਏ ਤੇ 506 ਆਈਪੀਸੀ ਤਹਿਤ ਇੱਕ ਹੋਰ ਪਰਚਾ ਦਰਜ ਕਰ ਲਿਆ ਹੈ। ਖਹਿਰਾ ਨੂੰ ਪ੍ਰੋਡਕਸ਼ਨ ਵਰੰਟ ਤੇ ਲੈਣ ਲਈ ਪੰਜਾਬ ਪੁਲਿਸ ਦੀ ਟੀਮ ਰਵਾਨਾ ਹੋ ਚੁੱਕੀ ਹੈ।