ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ ਸ਼ਾਮ ਰੂਪਨਗਰ ਦੇ ਪਿੰਡ ਬੜੀ ਮਡੋਲੀ ਨੇੜੇ ਆਪਣਾ ਕਾਫ਼ਲਾ ਰੋਕਿਆ ਅਤੇ ਕਿਸਾਨਾਂ ਝੋਨੇ ਦੀ ਲਵਾਈ ਅਤੇ ਪਾਣੀ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਆਪਣੇ ਪ੍ਰਸ਼ਾਸਨ ਅਧੀਨ ਹੋਈ ਮਹੱਤਵਪੂਰਨ ਤਰੱਕੀ ‘ਤੇ ਮਾਣ ਪ੍ਰਗਟ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਵਿਕਾਸ ਦੀ ਇੱਕ ਤਬਦੀਲੀ ਵਾਲੀ ਲਹਿਰ ਚੱਲ ਰਹੀ ਹੈ।
ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਜਾਂਦੇ ਹੋਏ ਰਸਤੇ ‘ਚ ਮੋਰਿੰਡੇ ਵਿਖੇ ਕਿਸਾਨ ਭਰਾਵਾਂ ਨਾਲ ਮੁਲਾਕਾਤ ਹੋਈ। ਝੋਨੇ ਦੀ ਲਵਾਈ ਅਤੇ ਪਾਣੀ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਬਿਜਲੀ ਤੇ ਪਾਣੀ ਦੀ ਕੋਈ ਕਮੀ ਨਹੀਂ ਹੈ। ਸਰਕਾਰ ਵੱਲੋਂ ਕਿਸਾਨ ਪੱਖੀ ਲਏ ਜਾ ਰਹੇ ਫ਼ੈਸਲੇ ਸਹੀ ਦਿਸ਼ਾ ਵੱਲ ਜਾ ਰਹੇ ਹਨ। ਕਿਸਾਨਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਦੇਖ ਕੇ ਤਸੱਲੀ ਮਿਲੀ।”