ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜੰਮੂ-ਕਸ਼ਮੀਰ ਦੇ ਡੋਡਾ ਪਹੁੰਚੇ ਹਨ। ਪਾਰਟੀ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਸੀਐੱਮ ਮਾਨ ਅਤੇ ਕੇਜਰੀਵਾਲ ਡੋਡਾ ਵਿੱਚ ਸਪੋਰਟਸ ਸਟੇਡੀਅਮ ਵਿੱਚ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਨਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ AAP ਪਾਰਟੀ ਦੇ ਮਹਿਰਾਜ ਮਲਿਕ ਨੇ ਡੋਡਾ ਸੀਟ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ।
ਦਰਅਸਲ ਅਰਵਿੰਦ ਕੇਜਰੀਵਾਲ ਦੀ ਇਹ ਰੈਲੀ 10 ਅਕਤੂਬਰ ਨੂੰ ਹੋਣੀ ਸੀ ਪਰ ਚੋਣ ਜ਼ਾਬਤਾ ਕਾਰਨ ਰੈਲੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 8 ਅਕਤੂਬਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਸ ਵਿੱਚ ਪਾਰਟੀ ਦੇ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਨ੍ਹਾਂ ਨੂੰ ਵੀਡੀਓ ਕਾਲ ‘ਤੇ ਵਧਾਈ ਦਿੱਤੀ।
ਡੋਡਾ ਸੀਟ ‘ਤੇ ਇੰਡੀਆ ਗਠਜੋੜ ਅਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਸੀ ਪਰ ਆਮ ਆਦਮੀ ਪਾਰਟੀ ਨੇ ਇਸ ਸੀਟ ‘ਤੇ ਜਿੱਤ ਹਾਸਿਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਮਹਿਰਾਜ ਮਲਿਕ ਨੂੰ ਟਿਕਟ ਦਿੱਤੀ ਗਈ ਸੀ, ਜਦੋਂ ਕਿ ਨੈਸ਼ਨਲ ਕਾਨਫਰੰਸ ਦੇ ਖਾਲਿਦ ਨਜੀਬ ਸੁਹਾਰਵਾਦੀ ਇੰਡੀਆ ਗੱਠਜੋੜ ਵੱਲੋਂ ਚੋਣ ਮੈਦਾਨ ਵਿੱਚ ਸਨ ਅਤੇ ਭਾਜਪਾ ਨੇ ਗਜੈ ਸਿੰਘ ਰਾਣਾ ਨੂੰ ਮੈਦਾਨ ਵਿੱਚ ਉਤਾਰਿਆ ਸੀ।