ਫਤਿਹਗੜ੍ਹ ਸਾਹਿਬ ‘ਚ 3 ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ 26 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਸਰਕਾਰ ਨੇ 28 ਦਸੰਬਰ ਤੱਕ ਚੱਲਣ ਵਾਲੇ ਇਸ ਸ਼ਹੀਦੀ ਸਮਾਗਮ ਦੌਰਾਨ ਮਾਹੌਲ ਨੂੰ ਪਵਿੱਤਰ ਰੱਖਣ ਦਾ ਫੈਸਲਾ ਲਿਆ ਹੈ।
ਅੱਜ ਰਾਤ 12 ਤੋਂ 28 ਦਸੰਬਰ ਦੀ ਅੱਧੀ ਰਾਤ ਤੱਕ ਕੋਈ ਵੀ ਠੇਕਾ ਨਹੀਂ ਖੋਲ੍ਹਿਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਬੰਧਤ ਥਾਣਿਆਂ, ਨਗਰ ਕੌਂਸਲਾਂ, ਐਸ.ਡੀ.ਐਮਜ਼ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਵਰੂਪ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਸ਼ਰਾਬ ਦੇ ਸਾਰੇ ਠੇਕੇ ਬੰਦ ਰਹਿਣਗੇ। ਇਸ ਤੋਂ ਇਲਾਵਾ ਹੋਟਲਾਂ ਦੇ ਬੀਅਰ ਬਾਰ ਵੀ ਬੰਦ ਰਹਿਣਗੇ। ਕਿਸੇ ਵੀ ਹੋਟਲ ਵਿੱਚ ਸ਼ਰਾਬ ਪਰੋਸਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਸ਼ਹੀਦੀ ਸਭਾ ‘ਚ ਆਉਣ ‘ਤੇ ਪੂਰਨ ਪਾਬੰਦੀ ਹੈ।