ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚੇ। ਸੀ.ਐਮ ਮਾਨ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵਿਖੇ ਲਗਾਏ ਜਾ ਰਹੇ ਯੁਵਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੀਏਯੂ ਲੁਧਿਆਣਾ ਵਿਖੇ ਹੋਣ ਜਾ ਰਿਹਾ ਯੁਵਕ ਮੇਲਾ ਪੰਜਾਬ ਦੀ ਅੰਤਰ ਯੂਨੀਵਰਸਿਟੀ ਪੱਧਰ ਦਾ ਹੈ। ਜਿਸ ਵਿੱਚ ਨੌਜਵਾਨਾਂ ਵੱਲੋਂ ਭੰਗੜਾ, ਗਿੱਧਾ ਪੰਜਾਬ ਨਾਲ ਸਬੰਧਤ ਸੱਭਿਆਚਾਰਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਨੌਜਵਾਨਾਂ ‘ਤੇ ਨਿਰਭਰ ਕਰਦੀ ਹੈ। ਨੌਜਵਾਨ ਦੇਸ਼ ਅਤੇ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਨੌਜਵਾਨਾਂ ਦੀ ਤਾਕਤ ਹੀ ਦੇਸ਼ ਜਾਂ ਸੂਬੇ ਨੂੰ ਅੱਗੇ ਲੈ ਜਾਂਦੀ ਹੈ।
ਯੁਵਕ ਮੇਲੇ ਵਿੱਚ ਪਹੁੰਚਣ ‘ਤੇ ਸੀਐਮ ਭਗਵੰਤ ਮਾਨ ਦਾ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ। ਮੇਲੇ ਵਿੱਚ ਲੁਧਿਆਣਾ ਦੇ ਵਿਧਾਇਕ ਤੋਂ ਇਲਾਵਾ ਡੀਸੀ ਜਤਿੰਦਰ ਜੋਰਵਾਲ, ਸੀਪੀ ਕੁਲਦੀਪ ਚਾਹਲ, ਡੀਸੀਪੀ ਸ਼ੁਭਮ ਅਗਰਵਾਲ, ਡੀਸੀਪੀ ਜਸਕਰਨਜੀਤ ਸਿੰਘ ਤੇਜਾ, ਏਡੀਸੀਪੀ ਰਮਨਦੀਪ ਭੁੱਲਰ ਅਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।