ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਵੀ ਪਹੁੰਚਯੋਗ ਬਣਾਉਣ ਵੱਲ ਇੱਕ ਹੋਰ ਕਦਮ ਵਧਾਉਂਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਮ ਆਦਮੀ ਕਲੀਨਿਕ ਲਈ ਵਟਸਐਪ ਚੈਟਬੋਟ ਸਹੂਲਤ ਦਾ ਉਦਘਾਟਨ ਕੀਤਾ ਹੈ। ਇਸ ਪਹਿਲਕਦਮੀ ਨਾਲ, ਪੰਜਾਬ ਦੇ ਲੋਕ ਹੁਣ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ‘ਤੇ ਵਟਸਐਪ ਰਾਹੀਂ ਇਲਾਜ ਨਾਲ ਸਬੰਧਤ ਜ਼ਰੂਰੀ ਸੇਵਾਵਾਂ ਪ੍ਰਾਪਤ ਕਰ ਸਕਣਗੇ।
ਇਸ ਡਿਜੀਟਲ ਸਿਹਤ ਸਹੂਲਤ ਤਹਿਤ, ਮਰੀਜ਼ਾਂ ਨੂੰ ਦਵਾਈ ਦੀ ਨੁਸਖ਼ੇ, ਮੈਡੀਕਲ ਟੈਸਟ ਰਿਪੋਰਟ ਅਤੇ ਹੋਰ ਸਿਹਤ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਸਿੱਧੇ ਆਪਣੇ ਫੋਨ ‘ਤੇ ਮਿਲੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ, ਪਹੁੰਚਯੋਗ ਅਤੇ ਤੇਜ਼ ਬਣਾਉਣ ਵੱਲ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਚੈਟਬੋਟ ਰਾਹੀਂ, ਮਰੀਜ਼ ਨਾ ਸਿਰਫ਼ ਆਪਣੇ ਟੈਸਟਾਂ ਅਤੇ ਦਵਾਈਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ, ਸਗੋਂ ਅਪੌਇੰਟਮੈਂਟ ਬੁੱਕ ਕਰ ਸਕਣਗੇ ਅਤੇ ਡਾਕਟਰਾਂ ਨਾਲ ਸਲਾਹ ਵੀ ਕਰ ਸਕਣਗੇ।