ਚੰਡੀਗੜ੍ਹ ਵਿੱਚ ਅੱਜ 25 ਨਵੀਆਂ ਇਲੈਕਟ੍ਰਿਕ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਹਾਟੀ ਤੋਂ ਵਰਚੁਅਲੀ ਉਨ੍ਹਾਂ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਵੀ ਮੌਜੂਦ ਸਨ। ਇਹ ਬੱਸਾਂ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਚੰਡੀਗੜ੍ਹ ਨੂੰ ਮਿਲੀਆਂ ਹਨ।
ਪ੍ਰਸ਼ਾਸਨ ਦਾ ਉਦੇਸ਼ ਮੁੱਖ ਰੂਟਾਂ ‘ਤੇ ਹਰ 10 ਮਿੰਟਾਂ ਵਿੱਚ ਬੱਸਾਂ ਉਪਲਬਧ ਕਰਵਾਉਣਾ ਹੈ। ਇਸ ਵੇਲੇ ਕਈ ਰੂਟਾਂ ‘ਤੇ ਬੱਸਾਂ ਵਿਚਕਾਰ 15-30 ਮਿੰਟ ਦਾ ਫਰਕ ਹੈ। ਨਵੀਆਂ ਬੱਸਾਂ ਦੇ ਆਉਣ ਨਾਲ ਇਹ ਪਾੜਾ ਘੱਟ ਜਾਵੇਗਾ, ਜਿਸ ਨਾਲ ਯਾਤਰੀਆਂ ਨੂੰ ਲੰਬੀ ਉਡੀਕ ਨਹੀਂ ਕਰਨੀ ਪਏਗੀ।
ਕੇਂਦਰ ਸਰਕਾਰ ਨੇ ਚੰਡੀਗੜ੍ਹ ਲਈ ਕੁੱਲ 100 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਰਵਰੀ ਦੇ ਅਖੀਰ ਤੱਕ 25 ਅਤੇ ਮਾਰਚ-ਅਪ੍ਰੈਲ ਤੱਕ 50 ਹੋਰ ਆਉਣ ਦੀ ਉਮੀਦ ਹੈ।




