MSP ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਕਿਸਾਨ ਸੰਗਠਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜੋ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਰਹੇਗਾ। ਇਸ ਅੰਦੋਲਨ ਕਾਰਨ ਪੰਜਾਬ ਵਿਚ ਅੱਜ ਬੱਸ ਸੇਵਾਵਾਂ ਬੰਦ ਰਹਿਣਗੀਆਂ। ਬੱਸਾਂ ਜ਼ਰੀਏ ਸਫਰ ਕਰਨ ਵਾਲੇ ਯਾਤਰੀਆਂ ਨੂੰ ਅੱਜ ਬੱਸ ਸਰਵਿਸ ਉਪਲਬਧ ਹੋਣਾ ਬਹੁਤ ਮੁਸ਼ਕਲ ਹੋਵੇਗਾ ਕਿਉਂਕਿ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਬੱਸਾਂ ਵੀ ਲਗਭਗ ਬੰਦ ਰਹਿਣਗੀਆਂ। ਪਨਬਸ-ਪੀਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਵੱਲੋਂ ਭਾਰਤ ਵਿਚ ਪੂਰਨ ਤੌਰ ‘ਤੇ ਸਮਰਥਨ ਦਿੰਦੇ ਹੋਏ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਹੈ। ਇਸ ਦੇ ਬਾਵਜੂਦ ਕਿਸਾਨ 12 ਤੋਂ 4 ਵਜੇ ਤੱਕ ਹਰ ਮੁੱਖ ਮਾਰਗ ਨੂੰ ਜਾਮ ਕਰਨਗੇ। ਇਸ ਦੌਰਾਨ ਕਿਸੇ ਵੀ ਵਾਹਨ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਪੰਜਾਬ ਵਿੱਚ 37 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਦੀਆਂ ਟਰੇਡ ਯੂਨੀਅਨਾਂ ਪੰਜਾਬ ਭਰ ਦੇ 23 ਜ਼ਿਲ੍ਹਿਆਂ ਵਿੱਚ 117 ਥਾਵਾਂ ’ਤੇ ਧਰਨੇ ਦੇਣਗੀਆਂ। ਇਸ ਦੌਰਾਨ ਸਾਰੀਆਂ 117 ਥਾਵਾਂ ‘ਤੇ ਸੜਕਾਂ ਜਾਮ ਵੀ ਕੀਤੀਆਂ ਜਾਣਗੀਆਂ।
ਕਿਸਾਨ ਜਥੇਬੰਦੀਆਂ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਚਾਰ ਕਾਰਨਾਂ ਕਰਕੇ ਹੀ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ।
- ਐਂਬੂਲੈਂਸ ਨੂੰ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਅਸੀਂ ਮੈਡੀਕਲ ਐਮਰਜੈਂਸੀ ਲਈ ਜਾਣ ਵਾਲੇ ਵਿਅਕਤੀ ਨੂੰ ਨਹੀਂ ਰੋਕਾਂਗੇ
- ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ/ਉਮੀਦਵਾਰਾਂ ਨੂੰ ਰੋਕਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10-12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ‘ਤੇ ਕਰੀਬ 1 ਘੰਟਾ ਪਹਿਲਾਂ ਪਹੁੰਚਣ ਦੀ ਸਲਾਹ ਵੀ ਦਿੱਤੀ ਹੈ।
- ਵਿਆਹ ਦਾ ਪ੍ਰੋਗਰਾਮ ਨਹੀਂ ਰੋਕਿਆ ਜਾਵੇਗਾ। ਗੁਰਦੁਆਰਿਆਂ ਵਿੱਚ ਵਿਆਹਾਂ ਦੀਆਂ ਬਰਾਤਾਂ, ਡੋਲੀ ਜਾਂ ਲਾਵਾਂ ਲਈ ਜਾਣ ਵਾਲੇ ਜੋੜਿਆਂ ਨੂੰ ਨਹੀਂ ਰੋਕਿਆ ਜਾਵੇਗਾ।
- ਜੇਕਰ ਕੋਈ ਵਿਅਕਤੀ ਹਵਾਈ ਜਾਂ ਰੇਲ ਰਾਹੀਂ ਯਾਤਰਾ ਕਰ ਰਿਹਾ ਹੈ, ਤਾਂ ਉਹ ਆਪਣੀ ਟਿਕਟ ਦਿਖਾ ਕੇ ਰਵਾਨਾ ਹੋ ਸਕਦਾ ਹੈ।