ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2024 -25 ਦਾ ਸਾਲਾਨਾ ਬਜਟ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਪਿਛਲੀ ਵਾਰ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ ਇਸ ਵਾਰ 12 ਅਰਬ 60 ਕਰੋੜ 97 ਲੱਖ 38 ਹਜਾਰ ਰੂਪਏ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।
ਬਜਟ ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ। ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਆਪਣੇ ਬਜਟ ਭਾਸ਼ਣ ਵਿਚ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਵੀ ਤਫਤੀਸ ਸਾਂਝੀ ਕੀਤੀ। ਇਹ ਪਹਿਲੀ ਵਾਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡ ਅਕਾਰੀ ਸਕਰੀਨ ’ਤੇ ਨਾਲੋ-ਨਾਲ ਵੇਰਵੇ ਨਸ਼ਰ ਕੀਤੇ ਜਾਂਦੇ ਰਹੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਇਸ ਵਾਰ ਬੀਤੇ ਵਰ੍ਹੇ ਨਾਲੋਂ ਇਸ ਵਾਰ ਕਰੀਬ 300 ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦਾ ਬਜਟ 11 ਅਰਬ 38 ਕਰੋੜ ਰੁਪਏ ਦਾ ਸੀ ਇਸ ਵਾਰ 12 ਅਰਬ 60 ਕਰੋੜ 97 ਲੱਖ 38 ਹਜਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਵੱਡੀ ਆਮਦਨੀ ਗੋਲਕਾਂ ਦੀ ਜਾਂ ਜਮੀਨਾਂ ਤੇ ਜਾਇਦਾਦਾਂ ਦੀ ਤੇ ਬੈਂਕਾਂ ਦੀਆਂ ਐਫਡੀਆਂ ਦੀ ਆਮਦਨ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਬਸੰਬਤੀ ਅਤੇ ਸੁਥਰੇ ਢੰਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਦੀ ਵੰਡ ਕੀਤੀ ਗਈ ਹੈ। ਧਾਮੀ ਨੇ ਕਿਹਾ ਕਿ ਸਭ ਤੋਂ ਵੱਡਾ ਖਰਚ ਤਨਖਾਵਾਂ ਦਾ ਹੈ। ਜਿਸ ਲਈ ਪੰਜ ਅਰਬ 33 ਕਰੋੜ 17 ਹਜਾਰ 227 ਰੁਪਏ ਰੱਖੇ ਗਏ ਹਨ। ਇਸ ਦੇ ਇਲਾਵਾ ਪੰਥਕ ਕਾਰਜਾਂ ਦੇ ਲਈ 7 ਕਰੋੜ 16 ਲੱਖ 73 ਹਜਾਰ ਰੁਪਏ ਰੱਖੇ ਗਏ ਹਨ। ਲੋਕ ਭਲਾਈ ਦੇ ਕਾਰਜ ਜਿਵੇ ਕਿ ਗਰੀਬ ਪਰਿਵਾਰਾਂ ਦੇ ਲੋੜਵੰਦਾਂ ਦੀ ਸਹਾਇਤਾ ਦੇ ਲਈ 6 ਕਰੋੜ 88 ਲੱਖ ਰੁਪਏ ਰੱਖੇ ਗਏ ਹਨ ਅਤੇ ਮੁਫਤ ਵਿਦਿਆ ਜਿਸ ਵਿੱਚ ਦੋ ਅਦਾਰੇ ਮਾਤਾ ਸਾਹਿਬ ਕੌਰ ਖਾਲਸਾ ਗਰਲ ਸਕੂਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਅੰਮ੍ਰਿਤਧਾਰੀ ਬੱਚਿਆਂ ਤੇ ਸਕੋਲਰਸ਼ਿਪ ਲਈ ਸੱਤ ਕਰੋੜ 20 ਲੱਖ ਰੁਪਏ ਰੱਖੇ ਗਏ ਹਨ। ਵਿਦਿਆ ਲਈ ਰੱਖਿਆ ਕੁੱਲ 67 ਕਰੋੜ ਰੁਪਏ ਦਾ ਫ਼ੰਡ ਰੱਖਿਆ ਗਿਆ ਹੈ, ਉਸ ਦਾ 41 ਕਰੋੜ ਤੇ ਨਵੀਨੀਕਰਨ ਲਈ, ਦੋ ਕਰੋੜ ਇਮਾਰਤ ਦੀ ਰੰਗ ਰੋਕਣ ਲਈ, ਦੋ ਕਰੋੜ ਰੁਪਏ ਮੀਰੀ ਪੀਰੀ ਅਕੈਡਮੀ ਲਈ 8 ਕਰੋੜ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ ਰੱਖੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ 100 ਕਰੋੜ ਰੁਪਏ ਧਰਮ ਪ੍ਰਚਾਰ ਦੇ ਲਈ ਰੱਖੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁਰਚਰਨ ਸਿੰਘ ਟੋਹਰਾ ਇੰਸਟੀਟਿਊਟ ਬਹਾਦਰਗੜ੍ਹ ਵਿਖੇ ਉਸ ਲਈ ਧਰਮ ਪ੍ਰਚਾਰ ਦੇ ਲਈ ਦੋ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 450ਵਾਂ ਜੋਤੀ ਦਿਵਸ ਗੋਇੰਦਵਾਲ ਦੀ ਧਰਤੀ ‘ਤੇ ਮਨਾਇਆ ਜਾਵੇਗਾ।ਗੋਇੰਦਵਾਲ ਸਾਹਿਬ ਵਿੱਚ ਵੀ ਬਹੁਤ ਕੰਮ ਚੱਲ ਰਿਹਾ ਹੈ।IPS ਅਤੇ IAS ਦੀ ਸਿਖਲਾਈ ਲਈ ਬਣਾਈ ਸੰਸਥਾ ਲਈ ਵੀ ਵੱਡਾ ਬਜਟ ਹੈ।
ਇਸ ਤੋਂ ਇਲਾਵਾ ਬੀਤੇ ਸਮੇਂ ’ਚ ਅਕਾਲ ਚਲਾਣਾ ਕਰ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਵੀਰ ਕੌਰ ਦਾਤੇਵਾਸ, ਜਥੇਦਾਰ ਕੁਲਦੀਪ ਸਿੰਘ ਤੇੜਾ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਬਲਬੀਰ ਕੌਰ ਨੂੰ ਸ਼ੋਕ ਮਤਿਆਂ ਰਾਹੀਂ ਸ਼ਰਧਾਜਲੀ ਭੇਟ ਕੀਤੀ ਗਈ।