ਸਮਰਾਲਾ, 4 ਅਪ੍ਰੈਲ : ਬੀਤੇ ਦਿਨੀਂ ਥਾਣਾ ਸਮਰਾਲਾ ਦੇ ਅਧੀਨ ਆਉਂਦੇ ਇਲਾਕਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਡਾਂਸਰ ਨਾਲ ਬਦਸਲੂਕੀ ਕਰਨ ਵਾਲਿਆ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਲਗਾਤਾਰ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਸੰਬੰਧ ਵਿੱਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਸ ਮਾਮਲੇ ਵਿੱਚ ਨਾਮਜ਼ਦ ਪੁਲਿਸ ਮੁਲਾਜਮ ਜਗਰੂਪ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਜਾਣਕਾਰੀ ਸਮਰਾਲਾ ਥਾਣੇ ਦੇ ਮੁੱਖ ਅਫ਼ਸਰ ਵਰਿੰਦਰ ਸਿੰਘ ਨੇ ਦਿੱਤੀ। ਉਹਨਾਂ ਨੇ ਕਿਹਾ ਕਿ ਉਸ ਦੇ ਬਾਕੀ ਸਾਥੀਆਂ ਨੂੰ ਕਾਬੂ ਕਰਨ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬੀਤੇ ਦਿਨੀਂ ਵਿਆਹ ਸਮਾਗਮ ਦੌਰਾਨ ਸਟੇਜ ਤੇ ਡਾਂਸਰ ਕਰਦੀ ਕੁੜੀ ਨੂੰ ਵਿਆਹ ਸਮਾਗਮ ਵਿੱਚ ਆਏ ਪੁਲਿਸ ਮੁਲਾਜ਼ਮ ਤੇ ਉਸਦੇ ਸਾਥੀਆਂ ਨਾਲ ਦੇ ਨਾਲ ਨਸ਼ੇ ਵਿਚ ਟੱਲੀ ਹੋਏ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਸਟੇਜ ਤੋਂ ਹੇਠਾਂ ਆ ਕੇ ਉਨ੍ਹਾਂ ਨਾਲ ਡਾਂਸ ਕਰਨ ਦੀ ਗੱਲ ਆਖੀ ਗਈ, ਜਿਸਦਾ ਉਸਨੇ ਵਿਰੋਧ ਕੀਤਾ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ’ਤੇ ਕੱਚ ਦਾ ਗਲਾਸ ਸੁੱਟ ਕੇ ਹਮਲਾ ਵੀ ਕੀਤਾ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ’ਚ ਜੰਮ ਕੇ ਟਕਰਾਅ ਵੀ ਹੋਇਆ।
ਡਾਂਸਰ ਕੁੜੀ ਦੀ ਸ਼ਿਕਾਇਤ ’ਤੇ ਸਮਰਾਲਾ ਪੁਲਿਸ ਨੇ ਇਸ ਮਾਮਲੇ ’ਚ ਕਥਿਤ ਦੋਸ਼ੀ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ’ਤੇ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।