ਲੰਬੀ, 30 ਮਈ : ਬੀਤੀ ਰਾਤ ਪਿੰਡ ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ‘ਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਬਲਾਸਟ ‘ਚ ਚਾਰ ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਬਠਿੰਡਾ ਏਮਜ਼ ਵਿੱਚ ਭੇਜਿਆ ਗਿਆ ਹੈ। ਦੋ ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ।
ਹਾਦਸਾ ਰਾਤ ਕਰੀਬ 12:50 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ‘ਚ ਹੋਇਆ। ਇਹ ਫੈਕਟਰੀ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ਆਪ ਆਗੂ ਦੀ ਮਾਲਕੀਅਤ ਦੱਸੀ ਜਾ ਰਹੀ ਹੈ। ਜਦਕਿ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਹਾਥਰਸ ਉੱਤਰ ਪ੍ਰਦੇਸ਼ ਦੇ ਠੇਕੇਦਾਰ ਰਾਜ ਕੁਮਾਰ ਦੀ ਅਗਵਾਈ ਹੇਠ ਹੁੰਦਾ ਸੀ, ਜੋ ਕਿ ਘਟਨਾ ਦੇ ਬਾਅਦ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਤੋਂ ਕੌਰਸੈਰ ਕੰਪਨੀ ਦੇ ਬਕਸਿਆਂ ਵਿਚ ਬਣੇ ਹੋਏ ਪਟਾਕੇ ਪਏ ਸਨ। ਜਦਕਿ ਇਸੇ ਕੰਪਨੀ ਦੇ ਖਾਲੀ ਬਕਸਿਆਂ ਦਾ ਲੱਦਿਆ ਹਰਿਆਣਾ ਨੰਬਰ ਦਾ ਇੱਕ ਛੋਟਾ ਹਾਥੀ ਵੀ ਬਰਾਮਦ ਹੋਇਆ ਹੈ।