ਮੰਗਲਵਾਰ ਨੂੰ ਆਸਟਰੀਆ ਦੇ ਗ੍ਰੈਜ਼ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਨੇ ਦੋ ਕਲਾਸਰੂਮਾਂ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਇਹ ਮੌਤਾਂ ਹੋਈਆਂ। ਗੋਲੀਬਾਰੀ ਦੇ ਪੀੜਤਾਂ ਵਿੱਚ ਵਿਦਿਆਰਥੀ, ਅਧਿਆਪਕ ਅਤੇ ਹੋਰ ਲੋਕ ਵੀ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਹਮਲਾਵਰ ਨੂੰ ਇੱਕ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਜਿਸਨੇ ਗੋਲੀਬਾਰੀ ਤੋਂ ਬਾਅਦ ਖੁਦਕੁਸ਼ੀ ਵੀ ਕਰ ਲਈ। ਉਸਦੀ ਲਾਸ਼ ਸਕੂਲ ਦੇ ਹੀ ਇੱਕ ਬਾਥਰੂਮ ਵਿੱਚ ਮਿਲੀ ਹੈ।
ਆਸਟ੍ਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਗ੍ਰੈਜ਼ ਦੇ ਫੈਡਰਲ ਅਪਰ ਸੈਕੰਡਰੀ ਸਕੂਲ ਵਿੱਚ ਹੋਏ ਹਮਲੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਸਥਾਨਕ ਮੀਡੀਆ ਨੇ ਮੌਤਾਂ ਦੀ ਗਿਣਤੀ 11 ਦੱਸੀ ਹੈ, ਪਰ ਮੰਤਰਾਲੇ ਨੇ ਅਜੇ ਤੱਕ ਮ੍ਰਿਤਕਾਂ ਦੀ ਗਿਣਤੀ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਹ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਗੋਲੀਬਾਰੀ ਦੀ ਘਟਨਾ ਕਿਉਂ ਕੀਤੀ ਗਈ।