ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਗੁਰੂਹਰਸਹਾਏ ਫ਼ਿਰੋਜ਼ਪੁਰ ਦੇ ਏ.ਐਸ.ਆਈ ਗੁਰਦੀਪ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਪਿੰਡ ਖੁੰਦੜ ਉਤਾੜ, ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸ਼ਿਕਾਇਤ ਅਤੇ ਰਿਕਾਰਡਿੰਗ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਜਾ ਕੇ ਦੱਸਿਆ ਸੀ ਕਿ ਉਸ ਦੇ ਛੋਟੇ ਭਰਾ ਖਿਲਾਫ ਥਾਣਾ ਗੁਰੂਹਰਸਹਾਏ ਵਿਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਰਾਜ਼ੀਨਾਮਾ ਹੋ ਗਿਆ ਸੀ। ਪਰ ਫਿਰ ਵੀ ਉਕਤ ਮਾਮਲੇ ਸਬੰਧੀ ਸ਼ਿਕਾਇਤਕਰਤਾ ਨੇ ਮੁੜ ਥਾਣੇ ਵਿੱਚ ਦਰਖਾਸਤ ਦਿੱਤੀ। ਜਿਸ ਦੀ ਤਫਤੀਸ਼ ਦੌਰਾਨ ਦੋਸ਼ੀ ਏ.ਐਸ.ਆਈ ਗੁਰਦੀਪ ਸਿੰਘ ਨੇ ਉਸਦੇ ਭਰਾ ਨੂੰ ਥਾਣੇ ਬੁਲਾਇਆ ਅਤੇ ਉਸਦੀ ਰਿਹਾਈ ਦੇ ਬਦਲੇ 1,50,000 ਰੁਪਏ ਦੀ ਮੰਗ ਕੀਤੀ।
ਜਦੋਂ ਸ਼ਿਕਾਇਤਕਰਤਾ ਧਿਰ ਨੇ ਰਿਸ਼ਵਤ ਨਾ ਦਿੱਤੀ ਤਾਂ ਉਸ ਦੇ ਭਰਾ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 7 ਦਿਨ ਦਾ ਰਿਮਾਂਡ ਮਿਲਣ ਅਤੇ ਜ਼ਮਾਨਤ ਨਾ ਹੋਣ ਦਾ ਡਰ ਦਿਖਾ ਕੇ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈ ਲਏ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਏ.ਐਸ.ਆਈ ਗੁਰਮੀਤ ਸਿੰਘ ਨੇ ਮਾਮਲੇ ਵਿੱਚ ਉਸਦੇ ਭਰਾ ਦਾ ਫ਼ੋਨ ਅਤੇ ਪਰਸ ਸ਼ਾਮਲ ਨਾ ਕਰਨ ਬਦਲੇ 10 ਹਜ਼ਾਰ ਰੁਪਏ ਹੋਰ ਮੰਗੇ, ਜਿਸ ਦੀ ਰਿਕਾਰਡਿੰਗ ਹੋ ਗਈ।
ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਥਾਣਾ ਫਿਜੋਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਏ.ਐਸ.ਆਈ ਗੁਰਮੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਇਹ. ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।