ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਬਾਰਡਰ ਰੇਂਡ ਅੰਮ੍ਰਿਤਸਰ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਪਿੰਡ ਖੈਰਾ, ਥਾਣਾ ਘਰਿੰਡਾ, ਅੰਮ੍ਰਿਤਸਰ ਵਾਸੀ ਹੀਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਤੋਂ 18.227 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 127.54 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਹੀਰਾ ਸਿੰਘ ਤੇ ਉਸ ਦਾ ਸਾਥੀ ਕੁਲਵਿੰਦਰ ਪਾਕਿਸਤਾਨ ਆਧਾਰਿਤ ਡਰਗ ਤਸਕਰ ‘ਬਿੱਲਾ’ ਦੇ ਸੰਪਰਕ ਵਿਚ ਸੀ। ਇਹ ਦੋਵੇਂ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਦੇ ਸਨ ਤੇ ਪੰਜਾਬ ਵਿਚ ਸਪਲਾਈ ਕਰਦੇ ਸਨ।
ਪਾਕਿਸਤਾਨ ਤੋਂ ਹੈਰੋਇਨ ਦੀ ਡਲਿਵਰੀ ਡ੍ਰੋਨ ਰਾਹੀਂ ਕੀਤੀ ਜਾਂਦੀ ਸੀ। ਹੀਰਾ ਸਿੰਘ ਤੇ ਉਸ ਦਾ ਸਾਥੀ ਇਨ੍ਹਾਂ ਖੇਪਾਂ ਨੂੰ ਚੁੱਕ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਤਸਕਰੀ ਕਰਦਾ ਸੀ। ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਦਾ ਸਾਥੀ ਕੁਲਵਿੰਦਰ ਸਿੰਘ ਅਜੇ ਫਰਾਰ ਹੈ। ਪੁਲਿਸ ਦੀਆਂ ਟੀਮਾਂ ਉਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।