ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ‘ਆਪ’ ਆਗੂ ਅਤੇ ਵਰਕਰ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਹਾਲਾਂਕਿ ਇਸ ਸਭ ਦੇ ਵਿਚਕਾਰ ਕਦੇ ਕੇਜਰੀਵਾਲ ਦੇ ਗੁਰੂ ਰਹੇ ਅੰਨਾ ਹਜ਼ਾਰੇ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਵੱਡਾ ਬਿਆਨ ਦਿੱਤਾ ਹੈ।
ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਕਿਹਾ “ਮੈਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਅਰਵਿੰਦ ਕੇਜਰੀਵਾਲ ਜੋ ਮੇਰੇ ਨਾਲ ਕੰਮ ਕਰਦਾ ਸੀ ਅਤੇ ਸ਼ਰਾਬ ਦੇ ਖਿਲਾਫ ਆਵਾਜ਼ ਉਠਾਉਂਦਾ ਸੀ, ਹੁਣ ਉਹ ਸ਼ਰਾਬ ਦੇ ਘੋਟਾਲਿਆਂ ‘ਚ ਗ੍ਰਿਫ਼ਤਾਰ ਹੋਇਆ ਹੈ। ਉਸ ਦੀ ਗ੍ਰਿਫ਼ਤਾਰੀ ਉਸ ਦੀਆਂ ਆਪਣੀਆਂ ਕਾਰਵਾਈਆਂ ਕਾਰਨ ਹੋਈ ਹੈ। ਹੁਣ ਜੋ ਵੀ ਹੋਵੇਗਾ ਉਹ ਕਾਨੂੰਨੀ ਤੌਰ ‘ਤੇ ਹੋਵੇਗਾ।”