ਅੰਮ੍ਰਿਤਸਰ ‘ਚ ਸਮਲਿੰਗੀ ਪਰੇਡ (Gay Pride ਪਰੇਡ) ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਰੇਡ 27 ਅਪ੍ਰੈਲ 2025 ਨੂੰ ਰੋਜ਼ ਗਾਰਡਨ ਅੰਮ੍ਰਿਤਸਰ ਵਿਖੇ ਹੋਣੀ ਸੀ ਪਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਇਸ ਪ੍ਰਾਈਡ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਆਯੋਜਕਾਂ ਰਿਧਮ ਚੱਢਾ ਅਤੇ ਰਮਿਤ ਸੇਠ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਕੀਤਾ ਜਾਣ ਵਾਲੇ ਪ੍ਰੋਗਰਾਮ ਨਹੀਂ ਹੋਵੇਗਾ। ਉਨ੍ਹਾਂ ਹੋ ਰਹੇ ਵਿਰੋਧ ਨੂੰ ਇਸ ਪਰੇਡ ਨੂੰ ਰੱਦ ਕੀਤੇ ਜਾਣ ਦਾ ਕਾਰਨ ਦੱਸਿਆ।
ਇਸ ਵਿਰੋਧ ਮਗਰੋਂ ਇਸ ਪਰੇਡ ਦੇ ਪ੍ਰਬੰਧਕਾਂ ਨੇ ਬਿਆਨ ਜਾਰੀ ਕੀਤਾ ਜਿਸ ਵਿਚ ਪ੍ਰਬੰਧਕਾਂ ਨੇ ਦੱਸਿਆਕਿ ਉਹ ਇੱਕ ਵਿਦਿਆਰਥੀ ਸੰਗਠਨ ਨਾਲ ਜੁੜੇ ਹੋਏ ਹਨ ਤੇ 2019 ਤੋਂ ਅੰਮ੍ਰਿਤਸਰ ਵਿੱਚ LGBTQIA ਭਾਈਚਾਰੇ ਦੇ ਸਮਰਥਨ ਵਿੱਚ ਸ਼ਾਂਤੀਪੂਰਨ ਪਰੇਡਾਂ ਅਤੇ ਤਿਉਹਾਰਾਂ ਦਾ ਆਯੋਜਨ ਕਰ ਰਹੇ ਹਨ। ਇਸ ਪਰੇਡ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਉਣਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਇਸ ਸਮਾਗਮ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਮਾਰਗਦਰਸ਼ਨ, ਸਲਾਹ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਸਨ। ਪਰ ਇਸ ਸਾਲ ਸਮਾਗਮ ਨੂੰ ਲੈ ਕੇ ਕੁਝ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਵਿਰੋਧ ਕਾਰਨ ਪ੍ਰਬੰਧਕਾਂ ਨੇ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਜਾਂ ਸਿਆਸੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਨ੍ਹਾਂ ਕਿਹਾ, “ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਾਂਗੇ।”