ਥਾਰ ‘ਚ ਚਿੱਟੇ ਨਾਲ ਫੜੀ ਜਾਣ ਵਾਲੀ ਪੰਜਾਬ ਪੁਲਿਸ ਦੀ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਹੁਣ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸ ਚੁੱਕੀ ਹੈ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇੰਸਟਾ ਕੁਈਨ ਦੇ ਨਾਂ ਨਾਲ ਮਸ਼ਹੂਰ ਅਮਨਦੀਪ ਕੌਰ ਨੂੰ ਬਠਿੰਡਾ ਦੇ ਪਿੰਡ ਬਾਦਲ ਸਥਿਤ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਅਫਸਾਨਾ ਖ਼ਾਨ ਦੀ ਭੈਣ ਰਫ਼ਤਾਰ ਖ਼ਾਨ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਅਫ਼ਸਾਨਾ ਖਾਨ ਅਮਨਦੀਪ ਕੌਰ ਨੂੰ ਨਹੀਂ ਜਾਣਦੀ ਅਤੇ ਨਾ ਹੀ ਅਮਨਦੀਪ ਕੌਰ ਦਾ ਕੋਈ ਅਫਸਾਨਾ ਖਾਨ ਦੇ ਨਾਲ ਲਿੰਕ ਹੈ। ਇਸਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਅਮਨਦੀਪ ਕੌਰ ਸਿਰਫ਼ ਉਸਦੀ ਸਹੇਲੀ ਹੈ।
ਰਫਤਾਰ ਖਾਨ ਨੇ ਦੱਸਿਆ ਕਿ ਇੱਕ ਪੁਲਿਸ ਦੀ ਮੁਲਾਜ਼ਮ ਹੋਣ ਕਰਕੇ ਅਮਨਦੀਪ ਕੌਰ ਨਾਲ ਡੇਢ ਕੁ ਸਾਲ ਪਹਿਲਾਂ ਹੀ ਉਸਦੀ ਮੁਲਾਕਾਤ ਹੋਈ ਅਤੇ ਉਨ੍ਹਾਂ ਦੀ ਆਪਸ ‘ਚ ਦੋਸਤੀ ਪੈ ਗਈ। ਰਫਤਾਰ ਖਾਨ ਨੇ ਅੱਗੇ ਕਿਹਾ ਹੈ ਕਿ ਪਰ ਅਮਨਦੀਪ ਕੌਰ ਦੀ ਨਿੱਜੀ ਜ਼ਿੰਦਗੀ ਬਾਰੇ ਉਸ ਨਾਲ ਕਦੇ ਕੋਈ ਜ਼ਿਆਦਾ ਗੱਲਬਾਤ ਨਹੀਂ ਹੋਈ। ਮੀਡੀਆ ਨਾਲ ਗੱਲਬਾਤ ਦੌਰਾਨ ਰਫ਼ਤਾਰ ਖ਼ਾਨ ਨੇ ਕਿਹਾ ਹੈ ਕਿ ਜਦੋਂ ਵਿਜੀਲੈਂਸ ਨੇ ਬਰਖ਼ਾਸਤ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਹ ਉਸ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਉਨ੍ਹਾਂ ਦੇ ਘਰ ਆਈ ਸੀ ਤੇ ਉੱਥੇ ਹੀ ਰੁਕੀ ਸੀ।
ਅਫ਼ਸਾਨਾ ਖ਼ਾਨ ਦੀ ਭੈਣ ਨੇ ਕਿਹਾ ਹੈ ਕਿ ਅਮਨਦੀਪ ਕੌਰ ਉਸਦੇ ਜ਼ਿਆਦਾ ਨੇੜੇ ਨਹੀਂ ਸੀ ਉਹ ਸਿਰਫ਼ ਇੱਕ ਆਮ ਦੋਸਤ ਦੀ ਤਰ੍ਹਾਂ ਹੀ ਇੱਕ ਦੂਜੇ ਨੂੰ ਮਿਲਦੀਆਂ ਸਨ। ਇਸਦੇ ਨਾਲ ਹੀ ਉਸਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਅਫ਼ਸਾਨਾ ਖ਼ਾਨ ਦਾ ਨਾਮ ਅਮਨਦੀਪ ਕੌਰ ਨਾਲ ਨਾ ਜੋੜਿਆ ਜਾਵੇ।