ਬਿਹਾਰ ਦੇ ਸੁਪੌਲ ‘ਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਅਚਾਨਕ ਕੋਸੀ ਨਦੀ ‘ਤੇ ਬਣ ਰਹੇ ਪੁਲ ਦੀ ਸਲੈਬ ਡਿੱਗ ਗਈ ਅਤੇ ਇਸ ਹਾਦਸੇ ‘ਚ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਕਈ ਮਜ਼ਦੂਰਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ। ਏਜੰਸੀ ਮੁਤਾਬਕ ਸੁਪੌਲ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਕੁਮਾਰ ਨੇ ਦੱਸਿਆ ਕਿ ਭੇਜਾ-ਬਕੌਰ ਵਿਚਕਾਰ ਮਰੀਚਾ ਨੇੜੇ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਨੌਂ ਜ਼ਖ਼ਮੀ ਹੋ ਗਏ।
ਜੂਨ 2023 ਵਿੱਚ, ਭਾਗਲਪੁਰ, ਬਿਹਾਰ ਵਿੱਚ ਨਿਰਮਾਣ ਅਧੀਨ ਇੱਕ ਪੁਲ ਢਹਿ ਗਿਆ। ਖਗੜੀਆ-ਅਗੁਵਾਨੀ-ਸੁਲਤਾਨਗੰਜ ਵਿਚਾਲੇ ਬਣ ਰਹੇ ਪੁਲ ਦੇ ਡਿੱਗਣ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਦੇਖਿਆ ਜਾ ਰਿਹਾ ਸੀ ਕਿ ਕੁਝ ਹੀ ਦੇਰ ‘ਚ ਪੂਰਾ ਪੁਲ ਗੰਗਾ ਨਦੀ ‘ਚ ਡੁੱਬ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਦੋ ਸਾਲ ਪਹਿਲਾਂ ਵੀ ਇਸ ਪੁਲ ਦਾ ਇੱਕ ਹਿੱਸਾ ਢਹਿ ਗਿਆ ਸੀ। ਸੀਐਮ ਨਿਤੀਸ਼ ਕੁਮਾਰ ਨੇ 2014 ਵਿੱਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪੁਲ ਦੀ ਕੁੱਲ ਲਾਗਤ 1717 ਕਰੋੜ ਰੁਪਏ ਸੀ। ਅਪਰੈਲ ਵਿੱਚ ਆਏ ਤੂਫ਼ਾਨ ਕਾਰਨ ਇਸ ਨਿਰਮਾਣ ਅਧੀਨ ਪੁਲ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ ਸੀ।