ਦਿ ਸਿਟੀ ਹੈਡਲਾਈਨ
ਲੁਧਿਆਣਾ, 16 ਦਸੰਬਰ
ਦੂਸਰੇ ਸ਼ਹਿਰਾਂ ’ਚ ਜਾ ਕੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਵਾਲੇ ਲੁਧਿਆਣਵੀਂ ਆਪਣੇ ਸ਼ਹਿਰ ’ਚ ਭੋਰਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਨਵੇਂ ਨਵੇਂ ਮੀਲ ਪੱਥਰ ਕਾਇਮ ਕਰਨ ਵਾਲੇ ਲੁਧਿਆਣਾ ਵਾਸੀਆਂ ਨੇ ਸ਼ਹਿਰ ’ਚ ਟ੍ਰੈਫਿਕ ਨਿਯਮ ਤੋੜਨ ’ਚ ਵੀ ਇੱਕ ਵੱਖਰਾ ਮੀਲ ਪੱਥਰ ਸਥਾਪਿਤ ਕੀਤਾ ਹੈ। ਕਰੋੜਾਂ ਰੁਪਏ ਜੁਰਮਾਨਾ ਭਰਨ ਤੋਂ ਬਾਅਦ ਵੀ ਲੁਧਿਆਣਵੀਂ ਨਿਯਮ ਤੋੜਨ ਤੋਂ ਬਾਜ਼ ਨਹੀਂ ਆ ਰਹੇ। 11 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਲੋਕਾਂ ਦੇ 1 ਲੱਖ 87 ਹਜ਼ਾਰ 613 ਵਾਹਨਾਂ ਦੇ ਚੱਲਾਨ ਹੋਏ ਹਨ। ਜਿਸ ’ਚ ਕਰੋੜਾਂ ਰੁਪਏ ਜੁਰਮਾਨਾ ਭਰਿਆ ਗਿਆ ਹੈ, ਪਰ ਉਸ ਤੋਂ ਬਾਅਦ ਵੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਟ੍ਰੈਫਿਕ ਪੁਲੀਸ ਦੇ ਵੱਲੋਂ ਵਾਰ ਵਾਰ ਜਾਗਰੂਕ ਕਰਨ ਤੋਂ ਬਾਅਦ ਵੀ ਮਹਾਂਨਗਰ ਦੇ ਲੋਕ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ। ਸਭ ਤੋਂ ਜ਼ਿਆਦਾ ਗੱਲ ਕੀਤੀ ਜਾਵੇ ਤਾਂ ਗਲਤ ਪਾਰਕਿੰਗ ਅਤੇ ਬਿਨ੍ਹਾਂ ਹੈਲਮੈਟ ਦੇ ਚੱਲਾਨ ਕੀਤੇ ਗਏ ਹਨ, ਜਦੋਂ ਕਿ ਗੈਰ ਕਾਨੂੰਨੀ ਨੰਬਰ ਪਲੇਟਾਂ ਦੇ ਚੱਲਾਨ ਵੀ ਕਾਫ਼ੀ ਕਰਵਾਏ ਗਏ ਹਨ।
20 ਲੱਖ ਦੇ ਕਰੀਬ ਆਬਾਦੀ ਵਾਲੇ ਸ਼ਹਿਰ ਲੁਧਿਆਣਾ ’ਚ 2 ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਰੋਜ਼ਾਨਾ ਹਜ਼ਾਰਾਂ ਵਾਹਨ ਸ਼ਹਿਰ ਦੀਆਂ ਸੜਕਾਂ ’ਤੇ ਦੌੜਦੇ ਹਨ। ਲੋਕਾਂ ’ਚ ਇੰਨ੍ਹੀ ਜਲਦਬਾਜ਼ੀ ਰਹਿੰਦੀ ਹੈ ਕਿ ਉਹ ਟ੍ਰੈਫਿਕ ਨਿਯਮ ਭੁੱਲ ਜਾਂਦੇ ਹਨ ਤੇ ਨਿਯਮ ਤੋੜ ਦਿੰਦੇ ਹਨ। ਟ੍ਰੈਫਿਕ ਪੁਲੀਸ ਦੇ ਵੱਲੋਂ ਮੰਗਲਵਾਰ ਨੂੰ ਇੱਕ ਡਾਟਾ ਜਾਰੀ ਕੀਤਾ ਗਿਆ। ਜਿਸ ’ਚ ਜਨਵਰੀ ਤੋਂ ਲੈ ਕੇ ਨਵੰਂਬਰ 30 ਤੱਕ ਦੱਸਿਆ ਗਿਆ ਕਿ ਲੁਧਿਆਣਾ ਦੇ ਲੋਕਾਂ ਨੇ ਕਿੰਨ੍ਹੇ ਚੱਲਾਨ ਕਰਵਾਏ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਮਹਾਂਨਗਰ ਦੇ ਲੋਕਾਂ ਨੇ ਇੰਨ੍ਹੇ ਚੱਲਾਨ ਕਰਵਾਏ ਹਨ ਕਿ ਹਰ ਕੋਈ ਹੈਰਾਨ ਹੈ। ਖੁਦ ਟ੍ਰੈਫਿਕ ਪੁਲੀਸ ਇਨ੍ਹਾਂ ਡਾਟਾ ਦੇ ਕੇ ਹੈਰਾਨ ਹੈ ਕਿ ਸਮੇਂ ਸਮੇਂ ’ਤੇ ਲੁਧਿਆਣਾ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਜੋ ਡਾਟਾ ਪੁਲੀਸ ਵੱਲੋਂ ਦਿੱਤਾ ਗਿਆ ਹੈ, ਉਸ ’ਚ ਬਿਨ੍ਹਾਂ ਹੈਲਮੈਟ ਦੇ ਸਭ ਤੋਂ ਜ਼ਿਆਦਾ ਅਤੇ ਫਿਰ ਗਲਤ ਪਾਰਕਿੰਗ ਤੋਂ ਬਾਅਦ ਨੰਬਰ ਪਲੇਟ ਦੇ ਚੱਲਾਨ ਆਉਂਦੇ ਹਨ। ਜਿਸ ਤੋਂ ਬਾਅਦ ਵੱਖ-ਵੱਖ ਚੱਲਾਨ ਹੋਰ ਆਉਂਦੇ ਹਨ। ਏਸੀਪੀ ਟ੍ਰੈਫਿਕ ਚਰਨਜੀਵ ਲਾਂਬਾ ਨੇ ਦੱਸਿਆ ਕਿ ਟ੍ਰੈਫਿਕ ਪੁਲੀਸ ਆਪਣਾ ਕੰਮ ਕਰ ਰਹੀ ਹੈ। ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਨਿਯਮ ਤੋੜਨ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਹੈ ਤੇ ਅੱਗੇ ਵੀ ਜਾਰੀ ਰਹੇਗੀ।