ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਬਰਖ਼ਾਸਤ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਮਿਲ ਗਈ ਹੈ। ਗੈਂਗਸਟਰ ਟੀਨੂੰ ‘ਤੇ ਦੋਸ਼ ਹੈ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਜਿਸ ਨੇ ਕਤਲ ਲਈ ਸ਼ਾਰਪ ਸ਼ੂਟਰਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ ਸੀ।
ਦੱਸ ਦਈਏ ਕਿ ਸੀਆਈਏ ਦੀ ਹਿਰਾਸਤ ਦੌਰਾਨ ਦੀਪਕ ਟੀਨੂੰ ਬਰਖ਼ਾਸਤ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋ ਗਿਆ ਸੀ। ਪ੍ਰੀਤਪਾਲ ਖ਼ਿਲਾਫ਼ ਅਕਤੂਬਰ 2022 ਵਿੱਚ ਜ਼ਿਲ੍ਹਾ ਮਾਨਸਾ ਵਿੱਚ ਆਈਪੀਸੀ ਦੀਆਂ ਧਾਰਾਵਾਂ 222, 224, 225-ਏ, 212, 216, 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਸਲਾਖਾਂ ਪਿੱਛੇ ਸੀ। ਮਾਮਲੇ ਦੇ ਹੋਰ ਸਹਿ ਮੁਲਜ਼ਮਾਂ ਸੁਨੀਲ ਕੁਮਾਰ ਲੋਹੀਆ, ਕੁਲਦੀਪ ਸਿੰਘ ਨੂੰ ਜ਼ਮਾਨਤ ਦਾ ਲਾਭ ਦਿੱਤਾ ਗਿਆ ਹੈ। ਹਾਈਕੋਰਟ ਨੇ ਅਗਲੀ ਸੁਣਵਾਈ 25 ਜਨਵਰੀ ਤੈਅ ਕੀਤੀ ਅਤੇ ਇਸ ਦੌਰਾਨ ਅੰਤਰਿਮ ਜ਼ਮਾਨਤ ਦਾ ਲਾਭ ਦੇਣ ਨੂੰ ਮਨਜ਼ੂਰੀ ਦੇ ਦਿੱਤੀ।