Thursday, December 19, 2024
spot_img

ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਫੈਸਲਾਕੁੰਨ ਹੰਭਲਾ ਮਾਰਨ ਅਤੇ ‘ਰੰਗਲਾ ਪੰਜਾਬ’ ਬਣਾਉਣ ਲਈ ਅੱਗੇ ਆਉਣ ਦਾ ਸੱਦਾ

Must read

ਅੰਮ੍ਰਿਤਸਰ, 18 ਅਕਤੂਬਰ – ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਲਫ਼ ਲੈਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿੱਚ ਜੁੜੇ, ਇਸ ਸਮਾਗਮ ਦੌਰਾਨ ਹਾਜ਼ਰ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਤੁਹਾਨੂੰ ਅੱਗੇ ਆ ਕੇ ਨਸ਼ਿਆਂ ਖ਼ਿਲਾਫ਼ ਆਖਰੀ ਦੇ ਫੈਸਲਾਕੁੰਨ ਹੰਭਲਾ ਮਾਰਨਾ ਅਤੇ ਰੰਗਲਾ ਪੰਜਾਬ ਬਣਾਉਣਾ ਚਾਹੀਦਾ ਹੈ।

ਮੁੱਖ ਮੰਤਰੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਹਲਫ਼ ਲਿਆ ਕਿ ਧਰਤੀ ਮਾਂ ਦੇ ਸੱਚੇ ਸਪੂਤ ਵਜੋਂ ਉਹ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣਗੇ ਅਤੇ ਸਿਹਤਮੰਦ ਜੀਵਨ ਬਤੀਤ ਕਰਨਗੇ। ਉਨ੍ਹਾਂ ਇਹ ਵੀ ਹਲਫ਼ ਲਿਆ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ ਅਤੇ ਗਤੀਸ਼ੀਲ ਤੇ ਰੰਗਲਾ ਪੰਜਾਬ ਬਣਾਉਣ ਲਈ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ‘ਹੋਪ ਪਹਿਲਕਦਮੀ’ ਦੇ ਹਿੱਸੇ ਵਜੋਂ ਉਹ ਗੁਰੂਆਂ, ਪੀਰਾਂ-ਫ਼ਕੀਰਾਂ ਤੇ ਪੈਗੰਬਰਾਂ ਦੀ ਧਰਤੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਨਗੇ। ਉਨ੍ਹਾਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਇਸ ਸੁਚੱਜੇ ਕਾਰਜ ਲਈ ਸੂਬਾ ਸਰਕਾਰ ਦਾ ਸਹਿਯੋਗ ਤੇ ਤਾਲਮੇਲ ਕਰਨ ਦਾ ਵੀ ਪ੍ਰਣ ਲਿਆ।

ਇਸ ਦੌਰਾਨ ਇਸ ਮੁਹਿੰਮ ਨੂੰ ਨਵੇਂ ਦੌਰ ਦਾ ਪਹੁ-ਫੁਟਾਲਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਖ਼ਤਰੇ ਦੇ ਸਫ਼ਾਏ ਦਾ ਮੁੱਢ ਬੱਝ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸਰਾਪ ਤੋਂ ਮੁਕਤੀ ਲਈ ਅੰਤਮ ਤੇ ਫੈਸਲਾਕੁੰਨ ਹੰਭਲੇ ਦਾ ਸਮਾਂ ਆ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਪਹਿਲਾਂ ਹੀ ਟੁੱਟ ਚੁੱਕੀ ਹੈ ਅਤੇ ਹੁਣ ਨਸ਼ਿਆਂ ਦੀ ਮੰਗ ਨੂੰ ਖ਼ਤਮ ਕਰਨ ਉਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਵੱਡ-ਆਕਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਤਿੰਨ ਧਿਰੀ ਰਣਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਇਕ ਹਿੱਸੇ ਤਹਿਤ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਦਿਸ਼ਾ ਵਿੱਚ ਲਗਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁਹਿੰਮ ਦੇ ਦੂਜੇ ਹਿੱਸੇ ਵਜੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਉਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਕਹਾਵਤ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਇਸ ਲਈ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਉਤੇ ਧਿਆਨ ਕੇਂਦਰਤ ਕੀਤਾ ਗਿਆ ਹੈ ਤਾਂ ਕਿ ਉਹ ਕੰਮ ਵਿੱਚ ਰੁੱਝੇ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰੇਕ ਸਾਲ 2100 ਰੈਗੂਲਰ ਆਸਾਮੀਆਂ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ। ਇਸ ਨਾਲ ਨੌਜਵਾਨ ਸਖ਼ਤ ਮਿਹਨਤ ਕਰ ਕੇ ਪੁਲਿਸ ਵਿੱਚ ਅਫ਼ਸਰ ਭਰਤੀ ਹੋਣ ਲਈ ਉਤਸ਼ਾਹਤ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰਣਨੀਤੀ ਦੇ ਤੀਜੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਜਿਸ ਤਹਿਤ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਾਲ ਜੋੜਨ ਲਈ ਇਹ ਮੁਹਿੰਮ ਜ਼ਮੀਨੀ ਪੱਧਰ ਉਤੇ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡ ਤੇ ਸ਼ਹਿਰ ਦੇ ਪੱਧਰ ਉਤੇ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁਕੰਮਲ ਤੌਰ ਉਤੇ ਨਸ਼ਾ ਮੁਕਤ ਬਣਾਉਣ ਲਈ ਇਹ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਮੁਹਿੰਮ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਅਤੇ ਸਿਹਤਮੰਦ ਸੂਬੇ ਵਿੱਚ ਤਬਦੀਲ ਕਰਨ ਲਈ ਪ੍ਰੇਰਕ ਦਾ ਕੰਮ ਕਰੇਗੀ। ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਖ਼ਤਰੇ ਨਾਲ ਆਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਸਿੱਝਿਆ ਜਾ ਸਕਦਾ ਹੈ ਅਤੇ ਇਹੀ ਇਸ ਸਮੁੱਚੀ ਮੁਹਿੰਮ ਦਾ ਆਧਾਰ ਹੈ। ਅਜਿਹੀਆਂ ਹੋਰ ਮੁਹਿੰਮਾਂ ਦੀ ਸਫ਼ਲਤਾ ਦੀ ਮਿਸਾਲ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀਆਂ ਲਹਿਰਾਂ ਸਿਰਫ਼ ਆਮ ਬਸ਼ਿੰਦਿਆਂ ਦੀ ਸਰਗਰਮ ਭੂਮਿਕਾ ਨਾਲ ਹੀ ਸਫ਼ਲਤਾ ਦੇ ਝੰਡੇ ਗੱਡਦੀਆਂ ਹਨ।

ਨਸ਼ਿਆਂ ਵਿਰੁੱਧ ਜੰਗ ਦਾ ਸੇਕ ਪੰਜਾਬ ਨੂੰ ਲੱਗਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਅਲਾਮਤ ਦਾ ਸਭ ਤੋਂ ਵੱਡਾ ਪੀੜਤ ਹੈ, ਜਦੋਂ ਕਿ ਇੱਥੇ ਰੱਤੀ ਭਰ ਵੀ ਨਸ਼ਾ ਉਗਾਇਆ ਨਹੀਂ ਜਾਂਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਅਤਿਵਾਦ ਖ਼ਿਲਾਫ਼ ਪੂਰੇ ਦੇਸ਼ ਦੀ ਲੜਾਈ ਲੜਨ ਤੋਂ ਬਾਅਦ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਅਤੇ ਹੁਣ ਨਸ਼ਿਆਂ ਦੀ ਅਲਾਮਤ ਵਿਰੁੱਧ ਸਿੱਧੀ ਲੜਾਈ ਲੜਨ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਨੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਤਾਂ ਕਿ ਇਸ ਘਿਨਾਉਣੇ ਜੁਰਮ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਅਪਰਾਧਾਂ ਦੀ ਮਿਸਾਲੀ ਸਜ਼ਾ ਮਿਲੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਾ ਪੀੜਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਹੁਨਰਮੰਦ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਇੱਜਤ-ਮਾਣ ਨਾਲ ਆਪਣਾ ਜੀਵਨ ਬਸਰ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਲਈ ਲਾਂਘਾ ਹੈ, ਜਿਸ ਕਾਰਨ ਸੂਬਾ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚੋਂ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਆਪਣੇ ਵੱਲੋਂ ਪੂਰੀ ਸ਼ਿੱਦਤ ਨਾਲ ਕੋਸ਼ਿਸ਼ ਕੀਤੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article