ਜਲੰਧਰ ਦੇ ਜਬਲਪੁਰ ‘ਚ ਐਤਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਹੀ ਪਰਿਵਾਰ ਦੇ ਛੇ ਲੋਕ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਵਿੱਚੋਂ ਪੰਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਜ਼ਖਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਰੱਖੇ ਫਰਿੱਜ ‘ਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗੀ। ਹਾਲਾਂਕਿ ਇਹ ਹਾਦਸਾ ਕਿਵੇਂ ਹੋਇਆ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਘਟਨਾ ਸਬੰਧੀ ਏ.ਡੀ.ਸੀ.ਪੀ ਜਲੰਧਰ ਆਦਿਤਿਆ ਨੇ ਦੱਸਿਆ ਕਿ ਸਾਨੂੰ ਜਲੰਧਰ ਦੇ ਅਵਤਾਰ ਨਗਰ ‘ਚ ਇਕ ਘਰ ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਤੁਰੰਤ ਮੌਕੇ ‘ਤੇ ਪਹੁੰਚ ਗਏ | ਘਟਨਾ ‘ਚ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਹਾਦਸੇ ਪਿੱਛੇ ਕੀ ਕਾਰਨ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਲੋਕਾਂ ਨੂੰ ਬਚਾਇਆ, ਜਿਨ੍ਹਾਂ ‘ਚੋਂ ਇਕ ਲੜਕੀ (15 ਸਾਲ) ਅਤੇ ਇਕ ਲੜਕੇ (12 ਸਾਲ) ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਹੋਰ ਵਿਅਕਤੀਆਂ ਨੇ ਵੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਆਪਣੀ ਜਾਨ ਗੁਆ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਯਸ਼ਪਾਲ ਸਿੰਘ, ਰੁਚੀ, ਦੀਆ, ਮਨਸ਼ਾ ਅਤੇ ਅਕਸ਼ੈ ਵਜੋਂ ਹੋਈ ਹੈ।