ਦਿੱਲੀ ‘ਚ ਇੱਕ ਜਿਊਲਰੀ ਸ਼ੋਅਰੂਮ ਵਿੱਚ ਕਰੋੜਾਂ ਦੀ ਚੋਰੀ ਦੇ ਮਾਮਲੇ ਵਿੱਚ ਛੱਤੀਸਗੜ੍ਹ ਤੋਂ ਤਿੰਨ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਬਦਮਾਸ਼ਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਰਾਮਦਗੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਮੁੱਖ ਮੁਲਜ਼ਮ ਲੋਕੇਸ਼ ਸ੍ਰੀਵਾਸਤਵ, ਹੋਰ ਮੁਲਜ਼ਮ ਸ਼ਿਵਾ ਚੰਦਰਵੰਸ਼ੀ ਸਮੇਤ ਇੱਕ ਹੋਰ ਵਿਅਕਤੀ ਸ਼ਾਮਲ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਕੀਤੇ ਖੁਲਾਸੇ ਅਨੁਸਾਰ ਇਸ ਗਿਰੋਹ ਨੇ ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਦਿੱਲੀ ਪੁਲਿਸ ਦੀ ਟੀਮ ਵੀ ਛੱਤੀਸਗੜ੍ਹ ‘ਚ ਮੌਜੂਦ ਹੈ।
ਦੱਸ ਦੇਈਏ ਕਿ 26 ਸਤੰਬਰ ਨੂੰ ਦਿੱਲੀ ਦੇ ਭੋਗਲ ਇਲਾਕੇ ‘ਚ ਉਮਰਾਓ ਜਵੈਲਰਜ਼ ‘ਚੋਂ ਕਰੋੜਾਂ ਦੀ ਚੋਰੀ ਹੋਈ ਸੀ। ਦੇਰ ਰਾਤ ਚੋਰਾਂ ਨੇ ਪੂਰੇ ਸ਼ੋਅਰੂਮ ‘ਚੋਂ ਗਹਿਣੇ ਚੋਰੀ ਕਰ ਲਏ। ਜਾਣਕਾਰੀ ਮੁਤਾਬਕ ਇਨ੍ਹਾਂ ਗਹਿਣਿਆਂ ਦੀ ਕੀਮਤ 25 ਕਰੋੜ ਰੁਪਏ ਸੀ। ਇਸ ਨੂੰ ਦਿੱਲੀ ਦੀਆਂ ਸਭ ਤੋਂ ਵੱਡੀਆਂ ਚੋਰੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਹੁਣ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਫੜ ਲਿਆ ਹੈ।