20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਯਾਤਰਾ, ਪਹਿਲੀਆਂ ਫੋਟੋਆਂ ਤੇ ਵੀਡੀਓ ਆਈ ਸਾਹਮਣੇ
ਦਿ ਸਿਟੀ ਹੈੱਡਲਾਈਨ
ਲੁਧਿਆਣਾ, 29 ਅਪਰੈਲ
ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮੇਂ ਇਸ ਪਵਿੱਤਰ ਯਾਤਰਾ ਦੇ ਰਸਤੇ ’ਚ ਸਿਰਫ਼ ਬਰਫ਼ ਹੀ ਪਈ ਹੈ। ਇਸ ਬਰਫ਼ ਨੂੰ ਹਟਾਉਣ ਦਾ ਕੰਮ ਫ਼ੌਜ ਦੇ ਜਵਾਨ ਕਰ ਰਹੇ ਹਨ। ਫ਼ੌਜ ਦੇ ਜਵਾਨ ਕਾਫ਼ੀ ਦਿਨਾਂ ਤੋਂ ਇਸ ਰਸਤੇ ਤੋਂ ਬਰਫ਼ ਹਟਾਉਣ ਦੇ ਕੰਮ ’ਚ ਲੱਗੇ ਹੋਏ ਹਨ। ਜਿਨ੍ਹਾਂ ਦੀਆਂ ਪਹਿਲੀਆਂ ਫੋਟੋਆਂ ਤੇ ਵੀਡੀਓ ਸਾਹਮਣੇ ਆਈਆਂ ਹਨ।
ਫ਼ੌਜ ਦੇ ਜਵਾਨਾਂ ਦੇ ਨਾਲ ਸੇਵਾਦਾਰ ਬਰਫ਼ ਨੂੰ ਹਟਾ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਗਏ ਹਨ। ਫੌਜ਼ ਦੇ ਕਈ ਜਵਾਨ ਆਪਣੇ ਸਾਥਿਆਂ ਸਣੇ ਬਰਫ਼ ਹਟਾਉਣ ਦੇ ਕੰਮ ਵਿਚ ਲੱਗੇ ਹੋਏ ਹਨ। ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਇੰਜੀਨੀਅਰ ਕੋਰ ਦੇ ਜਵਾਨਾਂ ਨੇ ਸ੍ਰੀ ਹੇਮਕੁੰਟ ਸਾਹਿਬ ਤੋਂ ਪਹਿਲਾਂ ਅਟਲਕੋਟੀ ਗਲੇਸ਼ੀਅਰ ਨੂੰ ਕੱਟ ਕੇ 4 ਫੁੱਟ ਚੌੜਾ ਰਸਤਾ ਬਣਾਇਆ ਹੈ। ਇਸ ਸਮੇਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਬਰਫ਼ ਹੈ ਅਤੇ ਪਵਿੱਤਰ ਝੀਲ ਪੂਰੀ ਤਰ੍ਹਾਂ ਬਰਫ਼ ਨਾਲ ਢਕੀ ਹੋਈ ਹੈ। ਸ਼ਨਿਚਰਵਾਰ ਤੋਂ ਫ਼ੌਜੀ ਜਵਾਨ ਟਰੱਸਟ ਸੇਵਾਦਾਰਾਂ ਨਾਲ ਮਿਲ ਕੇ ਹੇਮਕੁੰਟ ਸਾਹਿਬ ਤੋਂ ਹੇਠਾਂ ਜਾਣ ਵਾਲੇ ਰਸਤੇ ਤੋਂ ਬਰਫ਼ ਹਟਾਉਣ ਦਾ ਰਸਤਾ ਸਾਫ਼ ਕਰ ਰਹੇ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਸਬੰਧੀ ਹਰ ਤਰ੍ਹਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਯਾਤਰਾ ਲਈ ਆਉਣ ਵਾਲੀ ਸੰਗਤ ਦੇ ਰੁੱਕਣ, ਲੰਗਰ ਤੇ ਦਵਾਈਆਂ ਸਬੰਧੀ ਇੰਤਜਾਮ ਵੀ ਪੂਰੇ ਕੀਤੇ ਜਾ ਰਹੇ ਹਨ।