Wednesday, August 19, 2026
spot_img

ਲੁਧਿਆਣਾ ਦੇ ਨਾਮੀ ਪੀਜ਼ਾ ਆਊਟਲੈਟ ਦੇ ਅੰਦਰ ਵੜ੍ਹ ਚਲੀਆਂ ਗੋਲੀਆਂ

Must read

ਸਟਾਫ਼ ਰਿਪੋਰਟਰ

ਲੁਧਿਆਣਾ, 19 ਅਗਸਤ

ਸ਼ਹਿਰ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ (ਬੀ.ਆਰ.ਐੱਸ.) ਨਗਰ ਵਿੱਚ ਬੀਤੀ ਰਾਤ ਅਣਪਛਾਤੇ ਬਦਮਾਸ਼ਾਂ ਨੇ ਇੱਕ ਨਾਮੀ ‘ਮੈਕਸੀਕੋ ਪੀਜ਼ਾ’ ਆਊਟਲੈੱਟ ‘ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ। ਤਾਬੜਤੋੜ ਗੋਲੀਬਾਰੀ ਕਰਕੇ ਇਲਾਕੇ ‘ਚ ਸਹਿਮ ਦਾ ਮਾਹੌਲ ਪੈਦਾ ਕਰਨ ਵਾਲੇ ਹਮਲਾਵਰਾਂ ਦੇ ਹੌਸਲੇ ਏਨੇ ਬੁਲੰਦ ਸਨ ਕਿ ਵਾਰਦਾਤ ਤੋਂ ਕੁਝ ਹੀ ਘੰਟਿਆਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਲਈ ਗਈ। ‘ਗੋਪੀ ਲਾਹੌਰੀਆ ਗੈਂਗ’ ਵੱਲੋਂ ਇੰਸਟਾਗ੍ਰਾਮ ‘ਤੇ ਜਾਰੀ ਕੀਤੀ ਗਈ ਚੇਤਾਵਨੀ ਵਿੱਚ ਆਊਟਲੈੱਟ ਸੰਚਾਲਕ ਨੂੰ ਫ਼ੋਨ ਦਾ ਜਵਾਬ ਨਾ ਦੇਣ ਦਾ ਅੰਜਾਮ ਭੁਗਤਣ ਦੀ ਗੱਲ ਕਹਿੰਦਿਆਂ ਅਗਲੀ ਵਾਰ ਜਾਨੋਂ ਮਾਰਨ ਦੀ ਸਿੱਧੀ ਧਮਕੀ ਦਿੱਤੀ ਗਈ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਰਾਭਾ ਨਗਰ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀਜ਼ਾ ਆਊਟਲੈੱਟ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਇਹ ਪੂਰੀ ਘਟਨਾ ਕੈਦ ਹੋ ਗਈ ਹੈ, ਜਿਸ ਵਿੱਚ ਦੋ ਮੁੱਖ-ਢੱਕਵੇਂ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੁੰਦਿਆਂ ਹੀ ਮਹਿਜ਼ ਤਿੰਨ ਸੈਕਿੰਡਾਂ ਵਿੱਚ ਕਈ ਰੌਂਦ ਫ਼ਾਇਰ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇੱਕ ਹੋਰ ਸਾਥੀ ਬਾਹਰ ਦੋਪਹੀਆ ਵਾਹਨ ਸਟਾਰਟ ਕਰਕੇ ਖੜ੍ਹਾ ਸੀ, ਜਿਸ ‘ਤੇ ਸਵਾਰ ਹੋ ਕੇ ਤਿੰਨੋਂ ਮੌਕੇ ਤੋਂ ਫ਼ਰਾਰ ਹੋ ਗਏ।

ਸਾਈਬਰ ਮਾਹਿਰਾਂ ਵੱਲੋਂ ਡਿਜੀਟਲ ਸੁਰਾਗਾਂ ਦੀ ਪੜਤਾਲ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਈਬਰ ਮਾਹਿਰ ਉਸ ਇੰਸਟਾਗ੍ਰਾਮ ਖਾਤੇ ਦੀ ਲੋਕੇਸ਼ਨ ਅਤੇ ਆਈ.ਪੀ. ਐਡਰੈੱਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਧਮਕੀ ਸੱਚਮੁੱਚ ਕਿਸੇ ਅਪਰਾਧਿਕ ਗੈਂਗ ਵੱਲੋਂ ਦਿੱਤੀ ਗਈ ਹੈ ਜਾਂ ਫ਼ਿਰ ਕਿਸੇ ਸ਼ਰਾਰਤੀ ਅਨਸਰ ਨੇ ਦਹਿਸ਼ਤ ਫੈਲਾਉਣ ਲਈ ਇਸ ਦਾ ਫ਼ਾਇਦਾ ਚੁੱਕਿਆ ਹੈ। ਜਾਂਚ ਟੀਮ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕਰਕੇ ਆਸ-ਪਾਸ ਦੇ ਸਾਰੇ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ

ਪੁਲੀਸ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਸ਼ੱਕੀ ਹਮਲਾਵਰਾਂ ਬਾਰੇ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਇਸ ਦੁਸਾਹਸਪੂਰਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਸਮੂਹ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਧੱਕਿਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article