ਦਿ ਸਿਟੀ ਹੈਡਲਾਈਨ
ਲੁਧਿਆਣਾ, 3 ਅਗਸਤ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਗਰ ਨਿਗਮ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੇ ਐਫਐਂਡਸੀਸੀ ਦੀ ਕਮੇਟੀ ਵਿੱਚ ਵਿਧਾਇਕ ਪੁੱਤਰਾਂ ਦੀ ਨਿਯੁਕਤੀ ਦੇ ਮੁੱਦੇ ’ਤੇ ਅੱਜ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਕੌਂਸਲਰ ਅਮਨ ਬੱਗਾ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਕੌਂਸਲਰ ਯੁਵਰਾਜ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਹਾਈਕੋਟ ਵਿੱਚ ਇਸ ਨਿਯੁਕਤੀ ਨੂੰ ਚਣੌਤੀ ਦਿੱਤੀ ਸੀ। ਜਿਸ ’ਤੇ ਹਾਈਕੋਰਟ ਵੱਲੋਂ ਸਖ਼ਤੀ ਦਿਖਾਈ ਜਾ ਰਹੀ ਸੀ। ਨਾਲ ਹੀ ਕੁੱਝ ਸਮਾਂ ਪਹਿਲਾਂ ਕਮੇਟੀ ਦੀ ਮੀਟਿੰਗ ਕਰਨ ’ਤੇ ਵੀ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਕੌਂਸਲਰ ਅਮਨ ਬੱਗਾ ਨੇ ਅਸਤੀਫ਼ਾ ਦੇ ਦਿੱਤਾ ਹੈ। ਕੌਂਸਲਰ ਅਮਨ ਬੱਗਾ ਨੇ ਇਹ ਅਸਤੀਫ਼ਾ 30 ਅਗਸਤ ਨੂੰ ਹੀ ਮੇਅਰ ਨੂੰ ਭੇਜ ਦਿੱਤਾ ਸੀ।
ਅਸਤੀਫ਼ੇ ਵਿੱਚ ਲਿੱਖਿਆ
ਕੁਝ ਦਿਨ ਪਹਿਲਾਂ ਮੈਨੂੰ ਫਾਇਨੈਂਸ ਐਂਡ ਕਾਂਟ੍ਰੈਕਟਸ ਕਮੇਟੀ ਐਫਐਂਡਸੀਸੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਇਸ ਭਰੋਸੇ ਲਈ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਅਤੇ ਲੁਧਿਆਣਾ ਦੇ ਮਾਣਯੋਗ ਮੇਅਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਪਰ ਵਿਰੋਧੀ ਧਿਰ ਦੇ ਇੱਕ ਮੈਂਬਰ ਵੱਲੋਂ ਮੇਰੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਐਫਐਂਡਸੀਸੀ ਦੀਆਂ ਮੀਟਿੰਗਾਂ ਨਹੀਂ ਹੋ ਸਕਦੀਆਂ, ਜਿਸ ਨਾਲ ਲੁਧਿਆਣਾ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ।
ਮੇਰੇ ਲਈ ਕੋਈ ਵੀ ਅਹੁਦਾ ਆਪਣੇ ਸ਼ਹਿਰ ਦੇ ਵਿਕਾਸ ਤੋਂ ਵੱਡਾ ਨਹੀਂ ਹੈ। ਇਸ ਲਈ ਮੈਂ ਐਫਐਂਡਸੀਸੀ ਦੇ ਮੈਂਬਰ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਲੁਧਿਆਣਾ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।
ਆਪਣੇ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਮੈਂ ਅਜਿਹੇ ਹਜ਼ਾਰਾਂ ਅਹੁਦੇ ਕੁਰਬਾਨ ਕਰ ਸਕਦਾ ਹਾਂ।
ਅਮਨ ਬੱਗਾ ਖੁਰਾਣਾ
ਕੌਂਸਲਰ ਵਾਰਡ ਨੰਬਰ 94




